ਮੋਗਾ, 19 ਜੁਲਾਈ (ਸੁਰਿੰਦਰਪਾਲ ਸਿੰਘ)-ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਪੰਜਾਬ ਵਿਚ ਬੇਸਹਾਰਾ ਪਸ਼ੂਆਂ ਤੇ ਲਾਵਾਰਿਸ ਕੁੱਤਿਆਂ ਦੀ ਵਧਦੀ ਹੋਈ ਭਰਮਾਰ 'ਤੇ ਜ਼ੋਰਦਾਰ ਆਵਾਜ਼ ਉਠਾਈ ਗਈ | ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਰਾਤ ਸਮੇਂ ਇਹ ਪਸ਼ੂ ਸੜਕਾਂ 'ਤੇ ਵਿਚਾਲੇ ਆ ਕੇ ਬੈਠ ਜਾਂਦੇ ਹਨ, ਜਿਸ ਨਾਲ ਅਨੇਕਾਂ ਹਾਦਸੇ ਹੋ ਚੁੱਕੇ ਹਨ | ਬੇਸਹਾਰਾ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਨੂੰ ਉਜਾੜ ਦਿੰਦੇ ਹਨ ਅਤੇ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਕੋਈ ਵੀ ਇਸੇ ਤਰ੍ਹਾਂ ਦੀ ਵੈਕਸੀਨੇਸ਼ਨ ਨਾ ਹੋਣ ਕਾਰਨ ਇਹ ਘਰਾਂ 'ਚ ਰਹਿੰਦੇ ਪਸ਼ੂਆਂ ਲਈ ਬਿਮਾਰੀ ਦਾ ਕਾਰਨ ਬਣਦੇ ਹਨ | ਖ਼ੰੂਖ਼ਾਰ ਲਾਵਾਰਿਸ ਕੁੱਤਿਆਂ ਦਾ ਝੁੰਡ ਕਈ ਲੋਕਾਂ ਤੇ ਬੱਚਿਆਂ ਦੀ ਜਾਨ ਲੈ ਚੁੱਕਿਆ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਦਾ ਜਲਦ ਹੱਲ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ | ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਭਾਵੇਂ ਇਸ ਸੰਬੰਧ ਵਿਚ ਕਾਫ਼ੀ ਕਾਨੂੰਨ ਬਣੇ ਹਨ ਪਰ ਫਿਰ ਵੀ ਸਰਕਾਰ ਨੂੰ ਇਸ 'ਤੇ ਗ਼ੌਰ ਕਰਨਾ ਚਾਹੀਦਾ ਹੈ | ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸਰਕਾਰ 'ਤੇ ਪੂਰਨ ਭਰੋਸਾ ਹੈ ਕਿ ਸੰਬੰਧਿਤ ਮੰਤਰੀ ਤੇ ਮਾਨ ਸਰਕਾਰ ਇਸ ਸੰਬੰਧੀ ਕੋਈ ਠੋਸ ਕਦਮ ਚੁੱਕੇਗੀ |