ਮੋਗਾ, 19 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਹਰ ਸਾਲ ਅਧਿਆਪਕਾਂ ਦੀਆਂ ਬਦਲੀਆਂ ਜੂਨ ਮਹੀਨੇ ਕੀਤੀਆਂ ਜਾਂਦੀਆਂ ਹਨ | ਇਸ ਵਾਰ ਵੀ ਅਧਿਆਪਕਾਂ ਤੋਂ ਆਨਲਾਈਨ ਪੋਰਟਲ 'ਤੇ 6 ਜੂਨ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਪਰ ਉਸ ਤੋਂ ਬਾਅਦ ਇਸ ਪ੍ਰਕਿਰਿਆ ਉੱਪਰ ਅਚਾਨਕ ਰੋਕ ਲਗਾ ਦਿੱਤੀ ਗਈ | ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਤੇ ਜ਼ਿਲ੍ਹਾ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਨੇ ਦੱਸਿਆ ਕਿ ਬਦਲੀਆਂ 'ਚ ਹੋ ਰਹੀ ਬੇਲੋੜੀ ਦੇਰੀ ਕਾਰਨ ਅਧਿਆਪਕ ਵਰਗ ਵਿਚ ਭਾਰੀ ਰੋਸ ਹੈ | ਅਧਿਆਪਕ ਆਗੂਆਂ ਨੇ ਕਿਹਾ ਬਦਲੀਆਂ ਦਾ ਪੋਰਟਲ 6 ਜੂਨ ਨੂੰ ਖੋਲਿ੍ਹਆ ਗਿਆ ਸੀ, ਜਿਸ ਨੂੰ ਲਗਪਗ 1 ਮਹੀਨਾ 13 ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਤਣ ਪੱਤਣ ਨਹੀਂ ਲਗਾਇਆ ਗਿਆ | ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਸਿੰਘ ਤੇ ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਸਿੱਖਿਆ ਵਿਭਾਗ ਦੀ ਬਦਲੀ ਨੀਤੀ ਬਦਲਾ ਲਊ ਨੀਤੀ ਸਾਬਤ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਅਨੇਕਾਂ ਅਧਿਆਪਕ ਬਦਲੀਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਪਰ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਵਲੋਂ ਆਪਣੀ ਆਦਤ ਮੁਤਾਬਿਕ ਇਸ ਅਹਿਮ ਕੰਮ ਨੂੰ ਬਿਨਾਂ ਵਜ੍ਹਾ ਲਟਕਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਨੇਕਾਂ ਗੰਭੀਰ ਬਿਮਾਰੀਆਂ ਤੋਂ ਪੀੜਤ ਅਧਿਆਪਕ, ਨਵ-ਵਿਆਹੁਤਾ, ਕੁਆਰੀਆਂ ਲੜਕੀਆਂ ਆਪਣੇ ਘਰਾਂ ਤੋਂ ਦੂਰ ਰਹਿਣ ਲਈ ਮਜਬੂਰ ਹਨ | ਉਨ੍ਹਾਂ ਮੰਗ ਕੀਤੀ ਕਿ ਆਪਸੀ ਸਹਿਮਤੀ ਵਾਲੀਆਂ ਬਦਲੀਆਂ ਤੋਂ ਹਰ ਤਰ੍ਹਾਂ ਦੀ ਸ਼ਰਤ ਖ਼ਤਮ ਕੀਤੀ ਜਾਵੇ | ਆਗੂਆਂ ਨੇ ਵਿਭਾਗ ਦੀ ਢਿੱਲ ਮੱਠ ਦੀ ਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ |