ਮੋਗਾ, 19 ਜੁਲਾਈ (ਗੁਰਤੇਜ ਸਿੰਘ ਬੱਬੀ)-ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਪ੍ਰਾਇਮਰੀ ਵਿੰਗ ਦੇ ਨੰਨ੍ਹੇ ਮੁੰਨੇ ਬੱਚਿਆਂ ਲਈ ਪੀਲੇ ਰੰਗ ਨੂੰ ਸਮਰਪਿਤ ਵਿਸ਼ੇਸ਼ ਗਤੀਵਿਧੀ ਯੈਲੋ ਦਿਵਸ ਦਾ ਆਯੋਜਨ ਕੀਤਾ | ਨੋ ਬੈਗ ਦਿਵਸ ਦੇ ਮੌਕੇ 'ਤੇ ਕਰਵਾਈ ਗਈ ਗਤੀਵਿਧੀ 'ਚ ਬੱਚਿਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ | ਬੱਚਿਆਂ ਨੇ ਸਿਰਫ ਰਚਨਾਤਮਿਕ ਗਤੀਵਿਧੀਆਂ 'ਚ ਭਾਗ ਲੈ ਕੇ ਰੰਗੀਨ ਅਤੇ ਖੁਸ਼ਗਵਾਰ ਦਿਨ ਗੁਜ਼ਾਰਿਆ | ਇਸ ਮੌਕੇ ਬੱਚਿਆਂ ਨੂੰ ਦੱਸਿਆ ਗਿਆ ਕਿ ਪੀਲਾ ਰੰਗ ਊਰਜਾ, ਖੁਸ਼ੀ ਤੇ ਸਕਰਾਤਮਿਕਤਾ ਦਾ ਪ੍ਰਤੀਕ ਹੁੰਦਾ ਹੈ | ਇਹ ਰੰਗ ਸਾਡੇ ਰੋਜ਼ਾਨਾ ਦੇ ਜੀਵਨ ਵਿਚ ਕਈ ਰੂਪਾਂ ਵਿਚ ਮੌਜੂਦ ਹੁੰਦਾ ਹੈ | ਬੱਚਿਆਂ ਨੇ ਪੀਲੇ ਰੰਗ ਦੀ ਥੀਮ ਅਨੁਸਾਰ ਕੱਪੜੇ ਪਾ ਕੇ ਗਤੀਵਿਧੀ 'ਚ ਭਾਗ ਲਿਆ | ਪ੍ਰਾਇਮਰੀ ਵਿੰਗ ਦੀ ਮੁੱਖ ਅਧਿਆਪਕਾ ਰੂਹੀ ਸਿੰਘ ਨੇ ਕਿਹਾ ਕਿ ਰੰਗ ਸਿਰਫ ਦੇਖਣ ਲਈ ਨਹੀਂ ਬਲਕਿ ਇਹ ਬੱਚਿਆਂ ਦੀ ਸੋਚ ਤੇ ਸਮਝ ਨੂੰ ਆਕਾਰ ਦੇਣ ਵਾਲੇ ਮਜ਼ਬੂਤ ਔਜ਼ਾਰ ਹਨ | ਇਸ ਰੰਗ-ਭਰੀ ਗਤੀਵਿਧੀ ਨੇ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਦੀ ਚਮਕ ਭਰ ਦਿੱਤੀ |