ਬਾਘਾ ਪੁਰਾਣਾ, 19 ਜੁਲਾਈ (ਟਿੰਕੂ ਕਾਠਪਾਲ)-ਬਾਘਾ ਪੁਰਾਣਾ ਅੰਦਰ ਪਿਛਲੇ ਲੰਬੇ ਸਮੇਂ ਤੋਂ ਆਟੋ ਰਿਕਸ਼ਾ ਚਾਲਕਾਂ ਤੇ ਮਿੰਨੀ ਬੱਸ ਆਪ੍ਰੇਟਰਾਂ ਦਾ ਸਵਾਰੀਆਂ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਹੈ ਤੇ ਇਹ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਮਿੰਨੀ ਬੱਸ ਆਪ੍ਰੇਟਰਾਂ ਦਾ ਕਹਿਣਾ ਹੈ ਕਿ ਸਾਡੇ ਵਲੋਂ ਸਾਰੇ ਸਰਕਾਰੀ ਟੈਕਸਾਂ ਦੀ ਅਦਾਇਗੀ ਕੀਤੀ ਜਾਂਦੀ ਹੈ ਜਦੋਂ ਕਿ ਈ ਰਿਕਸ਼ਾ ਚਾਲਕਾਂ ਵਲੋਂ ਸਰਕਾਰ ਨਿਯਮਾਂ ਦੀ ਨਾ ਪਾਲਣਾ ਕੀਤੀ ਜਾਂਦੀ ਹੈ ਨਾ ਕੋਈ ਟੈਕਸ ਦਿੱਤਾ ਜਾਂਦਾ ਪਰ ਫਿਰ ਵੀ ਇਹ ਵੱਖ-ਵੱਖ ਪਿੰਡਾਂ ਤੱਕ ਖੁੱਲ੍ਹੇ ਆਮ ਚੱਲ ਰਹੇ ਹਨ | ਜਿਸ ਸੰਬੰਧੀ ਉਨ੍ਹਾਂ ਵਲੋਂ ਕਈ ਵਾਰ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿਚ ਵੀ ਇਹ ਮਾਮਲਾ ਲਿਆਂਦਾ ਗਿਆ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਈ ਰਿਕਸ਼ਾ ਤੇ ਆਟੋ ਰਿਕਸ਼ਾ ਵਾਲਿਆਂ ਦੇ ਕਾਰਨ ਉਨ੍ਹਾਂ ਦੀਆਂ ਬੱਸਾਂ ਘਾਟੇ ਵਿਚ ਚੱਲ ਰਹੀਆਂ ਹਨ | ਮਿੰਨੀ ਬੱਸ ਅਪਰੇਟਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਸੁਣਵਾਈ ਨਾ ਕਰਨ ਦੇ ਚੱਲਦੇ ਉਨ੍ਹਾਂ ਨੂੰ ਮਜਬੂਰਨ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਸ਼ਿਕਾਇਤ ਪੱਤਰ ਭੇਜਣਾ ਪੈ ਰਿਹਾ ਹੈ | ਮਿੰਨੀ ਬੱਸ ਆਪ੍ਰੇਟਰਾਂ ਨੇ ਦੱਸਿਆ ਕਿ ਅਸੀਂ ਬਾਘਾ ਪੁਰਾਣਾ ਤੋਂ ਵੱਖ-ਵੱਖ ਪਿੰਡਾਂ ਨੂੰ ਸਰਕਾਰ ਵਲੋਂ ਜਾਰੀ ਕੀਤੇ ਹੋਏ ਪਰਮਿਟਾਂ ਮੁਤਾਬਿਕ ਚੱਲਦੇ ਹਾਂ ਅਤੇ ਆਪਣੇ ਟੈਕਸ, ਪਾਸਿੰਗ ਦੀ ਬਣਦੀ ਸਰਕਾਰੀ ਫੀਸ ਸਮੇਂ ਸਿਰ ਜਮ੍ਹਾ ਕਰਵਾਉਂਦੇ ਹਾਂ ਜਦ ਕਿ ਸ਼ਹਿਰ ਅੰਦਰ ਅੰਦਰ ਹੀ ਚੱਲਣ ਲਈ ਪਾਬੰਦ ਈ ਰਿਕਸ਼ਾ ਅਤੇ ਆਟੋ ਵਾਲੇ ਸ਼ਹਿਰ ਵਿਚ ਚੱਲਣ ਦੀ ਬਜਾਏ ਵੱਖ ਵੱਖ ਪਿੰਡਾਂ ਤੱਕ ਸਵਾਰੀਆਂ ਢੋਹ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਘਾਟਾ ਪੈ ਰਿਹਾ ਹੈ | ਅਸੀਂ ਇਸ ਸੰਬੰਧੀ ਟ੍ਰੈਫ਼ਿਕ ਇੰਚਾਰਜ ਬਾਘਾ ਪੁਰਾਣਾ ਦੇ ਕਈ ਵਾਰ ਧਿਆਨ ਵਿਚ ਲਿਆਂਦਾ ਤੇ ਹਾਈ ਕੋਰਟ ਵਲੋਂ ਕੀਤੇ ਆਡਰਾਂ ਦੀ ਕਾਪੀ ਵੀ ਦਿੱਤੀ ਪਰ ਉਨ੍ਹਾਂ ਵਲੋਂ ਈ ਰਿਕਸ਼ਾ ਤੇ ਆਟੋ ਚਾਲਕਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ ਸੰਬੰਧੀ ਟ੍ਰੈਫਿਕ ਇੰਚਾਰਜ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਚਲਾਨ ਕੱਟਣ ਵਾਲੀ ਮਸ਼ੀਨ ਖਰਾਬ ਹੈ | ਇਸ ਸੰਬੰਧੀ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ | ਇਸ ਮੌਕੇ ਮਿੰਨੀ ਬੱਸ ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਨਛੱਤਰ ਸਿੰਘ ਸੰਘਾ, ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ, ਕੁਲਦੀਪ ਸਿੰਘ ਖਜ਼ਾਨਚੀ, ਦਿਲਬਾਗ ਸਿੰਘ ਪੈੱ੍ਰਸ ਸਕੱਤਰ, ਜਗਮੋਹਨ ਸਿੰਘ ਚੀਦਾ ਸਲਾਹਕਾਰ ਤੇ ਹੋਰ ਹਾਜ਼ਰ ਸਨ |