ਮੋਗਾ, 17 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਸੁਰਜੀਤ ਸਿੰਘ ਫੂਲ ਚੇਅਰਮੈਨ ਪੰਜਾਬ, ਜਗਰਾਜ ਸਿੰਘ ਦੱਦਾਹੂਰ, ਹਰਨੇਕ ਸਿੰਘ ਮਸੀਤਾਂ, ਰਿਟਾਇਰਡ ਕੈਪਟਨ ਬਿੱਕਰ ਸਿੰਘ ਆਦਿ ਆਗੂਆਂ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ, ਮਾਤਾਵਾਂ, ਭੈਣਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਕਿਸਾਨ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਹੀ ਨਿੱਜੀਕਰਨ ਦੀ ਮਾਰ ਝੱਲ ਰਹੇ ਬਿਜਲੀ ਮਹਿਕਮੇ ਤੋਂ ਬਿਜਲੀ ਵੰਡ ਖੋਹ ਕੇ ਪ੍ਰਾਈਵੇਟ ਕਰਨ ਲਈ ਲਿਆਂਦੇ ਜਾ ਰਹੇ ਬਿਜਲੀ ਬਿੱਲ 2025 ਨੂੰ ਰੱਦ ਕਰੋ, ਚਿੱਪ ਵਾਲੇ ਮੀਟਰ ਲਾਉਣੇ ਬੰਦ ਕਰੋ, ਠੇਕੇਦਾਰੀ ਪ੍ਰਬੰਧ ਬੰਦ ਕਰ ਕੇ ਮਹਿਕਮੇ ਨੂੰ ਸਰਕਾਰ ਖ਼ੁਦ ਆਪਣੇ ਮੁਲਾਜ਼ਮਾਂ ਰਾਹੀਂ ਚਲਾਵੇ ਅਤੇ ਆਮ ਲੋਕਾਂ ਦੀ ਠੇਕੇਦਾਰਾਂ ਰਾਹੀਂ ਲੁੱਟ ਬੰਦ ਕੀਤੀ ਜਾਵੇ, ਘਰੇਲੂ ਬਿਜਲੀ ਖਪਤ 'ਤੇ ਮਿਲ ਰਹੀ 600 ਯੂਨਿਟ ਨਾਲ ਛੇੜ-ਛਾੜ ਕਰਨੀ ਬੰਦ ਕੀਤੀ ਜਾਵੇ, ਨਵੀਆਂ ਸ਼ਰਤਾਂ ਵਾਪਸ ਲਈਆਂ ਜਾਣ, ਕਿਸਾਨਾਂ ਦੇ ਡਿਮਾਂਡ ਨੋਟਿਸ ਦਹਾਕਿਆਂ ਤੋਂ ਬਕਾਇਆ ਹਨ ਉਨ੍ਹਾਂ ਨੂੰ ਮੋਟਰਾਂ ਦੇ ਕਨੈਕਸ਼ਨ ਜਾਰੀ ਕੀਤੇ ਜਾਣ | ਆਗੂਆਂ ਨੇ ਮੰਗ ਕਰਦਿਆਂ ਕਿਹਾ ਇਨ੍ਹਾਂ ਮੰਗਾਂ ਸੰਬੰਧੀ ਪਟਿਆਲਾ ਹੈੱਡ ਆਫ਼ਿਸ ਦੇ ਸੀ. ਐਮ. ਡੀ. ਨਾਲ ਕਿਸਾਨ ਆਗੂਆਂ ਦੀ ਜਲਦੀ ਮੀਟਿੰਗ ਕਰਵਾਈ ਜਾਵੇ | ਅੰਤ ਵਿਚ ਕਿਸਾਨ ਆਗੂਆਂ ਨੇ ਬਲਵੀਰ ਸਿੰਘ ਐਕਸੀਅਨ ਪਾਵਰ ਕਾਮ ਮੋਗਾ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਇਕਾਈਆਂ ਦੇ ਪ੍ਰਧਾਨ ਤੇ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ |