ਬਾਘਾ ਪੁਰਾਣਾ, 17 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਖੁਮਾਣੀ ਸਰ ਸਾਹਿਬ ਚੰਦ ਪੁਰਾਣਾ 'ਚ ਸਾਉਣ ਮਹੀਨੇ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਪਵਿੱਤਰ ਅਸਥਾਨ 'ਤੇ ਦੂਰੋਂ-ਨੇੜਿਓਾ ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਸਰੋਵਰ 'ਚ ਇਸਨਾਨ ਕਰਨ ਉਪਰੰਤ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਈਆਂ ਤੇ ਸੰਗਤਾਂ ਦਾ ਵੱਡਾ ਇਕੱਠ ਜੋੜ ਮੇਲੇ ਦੇ ਰੂਪ 'ਚ ਇਕੱਠਾ ਹੋਇਆ | ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਪਵਿੱਤਰ ਧਾਰਮਿਕ ਸਥਾਨ 'ਤੇ ਸੰਗਤਾਂ ਵਲੋਂ ਸ਼ਰਧਾ ਨਾਲ ਕੀਤੀਆਂ ਅਰਦਾਸ ਬੇਨਤੀਆਂ ਪੂਰੀਆਂ ਹੁੰਦੀਆਂ ਹਨ, ਜਿਸ ਸਦਕਾ ਪੰਜਾਬ 'ਚੋਂ ਦੂਰੋਂ-ਨੇੜਿਓਾ ਵੱਡੀ ਗਿਣਤੀ 'ਚ ਸੰਗਤਾਂ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੁੰਦੀਆਂ ਹਨ | ਇਸ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਵਲੋਂ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਕਰਵਾਏ ਧਾਰਮਿਕ ਸਮਾਗਮ ਮੌਕੇ ਰਸ ਭਿੰਨਾ ਕੀਰਤਨ ਕਰਦਿਆਂ ਸੰਗਤਾਂ ਨੂੰ ਨਾਮ ਜਪਣ ਅਤੇ ਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ ਜਿਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ | ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਵਲੋਂ ਪੰਜਾਬ ਭਰ ਤੋਂ ਸੰਗਤਾਂ ਨੂੰ ਮੱਸਿਆ ਤੇ ਪੁੰਨਿਆਂ ਦੇ ਦਿਹਾੜੇ ਮੌਕੇ ਵੀ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕੀਤੀ |