ਬਾਘਾ ਪੁਰਾਣਾ, 15 ਜੁਲਾਈ (ਟਿੰਕੂ ਕਾਠਪਾਲ)-ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਹਾਲ ਹੀ 'ਚ ਕਾਰਜਕਾਰੀ ਮੈਂਬਰ ਨਿਯੁਕਤ ਹੋਏ ਤੀਰਥ ਸਿੰਘ ਮਾਹਲਾ ਨੂੰ ਮਾਲਵੇ ਦੇ ਕੋਨੇ-ਕੋਨੇ ਤੋਂ ਭਰਵਾਂ ਮਾਣ-ਸਨਮਾਨ ਮਿਲ ਰਿਹਾ ਹੈ ਅਤੇ ਮੋਗਾ ਜ਼ਿਲੇ੍ਹ ਅੰਦਰ ਵੱਖ-ਵੱਖ ਪਿੰਡਾਂ ਦੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਇਕਾਈਆਂ ਅਤੇ ਪੰਚਾਇਤਾਂ ਵਲੋਂ ਮਾਣ ਸਨਮਾਨ ਬਖਸ਼ਿਆ ਜਾ ਰਿਹਾ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਵੀ ਤਾਂਤਾ ਲੱਗਾ ਹੋਇਆ ਹੈ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚੇਅਰਮੈਨ ਬਚਿੱਤਰ ਸਿੰਘ ਕਾਲੇਕੇ, ਸੀਨੀਅਰ ਆਗੂ ਤਿ੍ਲੋਚਨ ਸਿੰਘ ਗਿੱਲ ਕਾਲੇਕੇ, ਹਰਜਿੰਦਰ ਸਿੰਘ ਕਾਲੇਕੇ ਵਲੋਂ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ 31 ਮੈਂਬਰੀ ਕੋਰ ਕਮੇਟੀ ਦਾ ਮੈਂਬਰ ਬਣਾਏ ਜਾਣ 'ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ | ਅਕਾਲੀ ਆਗੂਆਂ ਨੇ ਆਖਿਆ ਕਿ ਮਾਹਲਾ ਨੇ ਨਾ ਸਿਰਫ਼ ਪਾਰਟੀ ਅੰਦਰ ਸਗੋਂ ਨਿੱਜੀ ਤੌਰ 'ਤੇ ਵੀ ਆਪਣਾ ਵਿਸ਼ੇਸ਼ ਪ੍ਰਭਾਵ ਸਥਾਪਿਤ ਕੀਤਾ ਹੈ | ਉਨ੍ਹਾਂ ਦੀ ਅਗਵਾਈ 'ਚ ਅਕਾਲੀ ਦਲ ਮਾਲਵੇ 'ਚ ਆਪਣੀਆਂ ਸਿਆਸੀ ਜੜ੍ਹਾਂ ਨੂੰ ਹੋਰ ਡੂੰਘਾ ਕਰਨ ਦੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ |