ਐੱਸ. ਏ. ਐੱਸ. ਨਗਰ, 2 ਦਸੰਬਰ (ਕਪਿਲ ਵਧਵਾ)-ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਹਵਾਲਾ ਮਾਮਲੇ 'ਚ ਅੱਜ ਮੁਹਾਲੀ ਅਦਾਲਤ 'ਚ ਇਕ ਅਹਿਮ ਗਵਾਹ ਨੇ ਆਪਣਾ ਬਿਆਨ ਦਰਜ ਕਰਵਾਇਆ ਹੈ | ਇਹ ਗਵਾਹ ਨਿਊ ਚੰਡੀਗੜ੍ਹ (ਮੁੱਲਾਂਪੁਰ ਗਰੀਬਦਾਸ) ਸਥਿਤ ਐੱਮ. ਐੱਲ. ਏ. ਸੁਸਾਇਟੀ ਨਾਲ ਸੰਬੰਧਤ ਕਰਮਚਾਰੀ ਹਨ | ਹਾਸਿਲ ਜਾਣਕਾਰੀ ਮੁਤਾਬਿਕ ਕਾਂਗਰਸ ਸਰਕਾਰ ਸਮੇਂ 2017 ਤੋਂ ਲੈ ਕੇ 2022 ਤੱਕ ਸਾਬਕਾ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੇ ਇਸ ਐੱਮ. ਐੱਲ. ਏ. ਸੁਸਾਇਟੀ ਵਿਚ ਇਕ ਸ਼ਾਨਦਾਰ ਫਲੈਟ ਖ਼ਰੀਦਿਆ ਸੀ | ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਵੱਖ-ਵੱਖ ਥਾਈਾ ਪ੍ਰਾਪਰਟੀਆਂ ਖ਼ਰੀਦੀਆਂ ਸਨ | ਉਕਤ ਫਲੈਟ ਦੀ ਕੁੱਲ ਕੀਮਤ ਲਗਭਗ ਸਵਾ ਕਰੋੜ ਰੁਪਏ ਸੀ, ਜਿਸ ਦਾ ਵੱਖ-ਵੱਖ ਕਿਸ਼ਤਾਂ ਵਿਚ ਭੁਗਤਾਨ ਕੀਤਾ ਗਿਆ | ਅੱਜ ਅਦਾਲਤ ਵਿਚ ਹਾਜ਼ਰ ਹੋਏ ਐਮ. ਐਲ. ਏ. ਸੁਸਾਇਟੀ ਦੇ ਕਰਮਚਾਰੀ ਨੇ ਫਲੈਟ ਦੇ ਭੁਗਤਾਨ ਦੀ ਯੋਜਨਾ (ਪੇਮੈਂਟ ਪਲਾਨ) ਬਾਰੇ ਵਿਸਥਾਰ 'ਚ ਸਾਂਝੀ ਕੀਤੀ | ਅਦਾਲਤ ਨੇ ਅੱਜ ਦੀ ਸੁਣਵਾਈ ਤੋਂ ਬਾਅਦ ਕੇਸ ਦੀ ਅਗਲੀ ਕਾਰਵਾਈ ਲਈ ਸੁਣਵਾਈ 16 ਦਸੰਬਰ ਲਈ ਨਿਰਧਾਰਤ ਕੀਤੀ ਹੈ |