ਬੀਜਿੰਗ, 26 ਨਵੰਬਰ (ਪੀ.ਟੀ.ਆਈ.)-ਚੀਨੀ ਫ਼ੌਜ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ-ਚੀਨ ਸਰਹੱਦ ’ਤੇ ਸਥਿਤੀ ਆਮ ਤੌਰ ’ਤੇ ਸਥਿਰ ਹੈ ਅਤੇ ਦੋਵੇਂ ਧਿਰਾਂ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਆਪਣੀ ਸਹਿਮਤੀ ਨੂੰ ਲਾਗੂ ਕਰਨ ਵਾਸਤੇ ਕੂਟਨੀਤਕ ਅਤੇ ਫ਼ੌਜੀ ਪੱਧਰ ’ਤੇ ਸੰਪਰਕ ’ਚ ਹਨ। ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ ਦੇ ਨਾਲ ਚੀਨੀ ਫ਼ੌਜੀਆਂ ਵਲੋਂ ਅਪਣਾਏ ਗਏ ਹਮਲਾਵਰ ਰਵੱਈਏ ਦੀਆਂ ਖ਼ਬਰਾਂ ਦਰਮਿਆਨ ਇਸ ਮਹੀਨੇ ਹੋਈ ਉੱਚ-ਪੱਧਰੀ ਫ਼ੌਜੀ ਗੱਲਬਾਤ ਬਾਰੇ ਪੁੱਛੇ ਜਾਣ ’ਤੇ ਚੀਨ ਦੇ ਰੱਖਿਆ ਬੁਲਾਰੇ ਸੀਨੀਅਰ ਕਰਨਲ ਚੇਨ ਸ਼ੀ ਨੇ ਕਿਹਾ ਕਿ ਦੋਵੇਂ ਧਿਰਾਂ ਕੂਟਨੀਤਕ ਅਤੇ ਫ਼ੌਜੀ ਪੱਧਰ ’ਤੇ ਸੰਪਰਕ ’ਚ ਹਨ। ਇਥੇ ਆਪਣੀ ਮਾਸਿਕ ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਫਿਲਹਾਲ, ਚੀਨ ਅਤੇ ਭਾਰਤ ਵਿਚਕਾਰ ਸਰਹੱਦੀ ਖੇਤਰਾਂ ’ਚ ਸਥਿਤੀ ਆਮ ਤੌਰ ’ਤੇ ਸਥਿਰ ਹੈ। ਉਨ੍ਹਾਂ ਇਕ ਸੰਖੇਪ ਜਵਾਬ ’ਚ ਕਿਹਾ ਕਿ ਚੀਨ ਅਤੇ ਭਾਰਤ ਕੂਟਨੀਤਕ ਅਤੇ ਫ਼ੌਜੀ ਪੱਧਰ (ਜਿਵੇਂ ਕਿ ਜਨਰਲ-ਪੱਧਰੀ ਮੀਟਿੰਗਾਂ) ’ਤੇ ਸੰਪਰਕ ਬਣਾਈ ਰੱਖ ਰਹੇ ਹਨ। ਦੋਵੇਂ ਧਿਰਾਂ ਆਪਸੀ ਸਹਿਮਤੀ ਨੂੰ ਲਾਗੂ ਕਰਨ ਅਤੇ ਸਰਹੱਦੀ ਖੇਤਰਾਂ ’ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ।