ਐੱਸ. ਏ. ਐੱਸ. ਨਗਰ, 2 ਦਸੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਦੇ ਤਿੰਨੋਂ ਖ਼ਜ਼ਾਨਾ ਦਫ਼ਤਰਾਂ ਖਰੜ, ਡੇਰਾਬੱਸੀ ਤੇ ਮੁਹਾਲੀ ਵਿਖੇ 4 ਤੋਂ 6 ਦਸੰਬਰ ਤੱਕ 'ਪੈਨਸ਼ਨਰ ਸੇਵਾ ਮੇਲਾ' ਲਗਾਇਆ ਜਾਵੇਗਾ | ਮੇਲੇ ਦਾ ਉਦੇਸ਼ ਜ਼ਿਲ੍ਹੇ ਦੇ ਸਮੂਹ ਪੈਨਸ਼ਨਰਾਂ ਨੂੰ ਜ਼ਰੂਰੀ ਈ-ਕੇ. ਵਾਈ. ਸੀ. ਪ੍ਰਕਿਰਿਆ ਸੰਬੰਧੀ ਸਹੂਲਤ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਨਵੇਂ ਲਾਂਚ ਕੀਤੇ ਗਏ ਪੈਨਸ਼ਨਰ ਸੇਵਾ ਪੋਰਟਲ 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣ | ਇਸ ਸੰਬੰਧੀ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਮੁਹਾਲੀ ਰੇਣੁਕਾ ਕਟਿਆਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 3 ਨਵੰਬਰ ਨੂੰ ਸਾਰੀਆਂ ਪੈਨਸ਼ਨ ਸੰਬੰਧੀ ਸੇਵਾਵਾਂ ਲਈ ਵਨ-ਸਟਾਪ ਡਿਜ਼ੀਟਲ ਪਲੇਟਫਾਰਮ ਲਾਂਚ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਲਈ ਪੋਰਟਲ 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਈ-ਕੇ. ਵਾਈ. ਸੀ. ਕਰਵਾਉਣਾ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਇਹ ਪੋਰਟਲ, ਜੋ ਕਿ https://pensionersewa.punjab.gov.in 'ਤੇ ਮੌਜੂਦ ਹੈ, ਰਾਹੀਂ ਸ਼ੁਰੂ 'ਚ ਪੈਨਸ਼ਨਰਾਂ ਨੂੰ ਛੇ ਮੁੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਨ੍ਹਾਂ 'ਚ 'ਜੀਵਨ ਪ੍ਰਮਾਣ' ਮੋਬਾਈਲ ਐਪ ਰਾਹੀਂ ਡਿਜ਼ੀਟਲ ਲਾਈਫ਼ ਸਰਟੀਫ਼ਿਕੇਟ ਜਮ੍ਹਾਂ ਕਰਵਾਉਣਾ, ਪੈਨਸ਼ਨ ਨੂੰ ਪਰਿਵਾਰਕ ਪੈਨਸ਼ਨ 'ਚ ਤਬਦੀਲ ਕਰਨ ਲਈ ਅਰਜ਼ੀ ਦੇਣਾ, ਲੀਵ ਟਰੈਵਲ ਕਨਸੈਸ਼ਨ ਲੈਣ ਲਈ ਅਰਜ਼ੀ ਦੇਣਾ, ਪੈਨਸ਼ਨ ਸੰਬੰਧੀ ਸ਼ਿਕਾਇਤਾਂ ਦਰਜ ਕਰਨਾ ਤੇ ਪੈਨਸ਼ਨਰਾਂ ਦੇ ਨਿੱਜੀ ਵੇਰਵਿਆਂ ਨੂੰ ਅੱਪਡੇਟ/ਬਦਲਣਾ ਆਦਿ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ 'ਜੀਵਨ ਪ੍ਰਮਾਣ' ਮੋਬਾਈਲ ਐਪ ਐਂਡਰਾਇਡ 'ਤੇ https://play.google.com/store/apps/details?id=com.aadhaar.life ਤੇ ਆਈ. ਓ. ਐੱਸ. 'ਤੇ https://apps.apple.com/in/app/jeevanpramaan/id6736359405 'ਤੇ ਉਪਲੱਬਧ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਦੀ ਪ੍ਰਕਿਰਿਆ ਬਹੁਤ ਸਰਲ ਹੈ |