ਅੰਮ੍ਰਿਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਉੱਤਰੀ ਵਜ਼ੀਰਸਤਾਨ ਦੇ ਸਹਾਇਕ ਕਮਿਸ਼ਨਰ ਸ਼ਾਹ ਵਲੀ ਖ਼ਾਨ ਦੇ ਕਾਫ਼ਲੇ 'ਤੇ ਹੋਏ ਇਕ ਘਾਤਕ ਹਮਲੇ 'ਚ ਸੀਨੀਅਰ ਸਰਕਾਰੀ ਅਧਿਕਾਰੀ ਸਮੇਤ 4 ਲੋਕ ਮਾਰੇ ਗਏ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਹਮਲਾ ਬੰਨੂ-ਮੀਰਾਂਸ਼ਾਹ ਰੋਡ 'ਤੇ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮਾਸੂਮਾਬਾਦ ਮਾਮੰਡਖੇਲ ਖੇਤਰ 'ਚ ਵਾਪਰੀ, ਜਿੱਥੇ ਸਹਾਇਕ ਕਮਿਸ਼ਨਰ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਸਹਾਇਕ ਕਮਿਸ਼ਨਰ ਸ਼ਾਹ ਵਲੀ ਖਾਨ ਬੰਨੂ-ਮੀਰਾਂਸ਼ਾਹ ਰੋਡ 'ਤੇ ਆਪਣੇ ਸੁਰੱਖਿਆ ਦਸਤੇ ਨਾਲ ਜਾ ਰਹੇ ਸਨ ਜਦੋਂ ਹਮਲਾਵਰਾਂ ਨੇ ਮਾਸੂਮਾਬਾਦ ਮਾਮੰਡਖੇਲ ਨੇੜੇ ਹਮਲਾ ਕੀਤਾ। ਉਹ ਮੌਕੇ 'ਤੇ ਹੀ ਮਾਰੇ ਗਏ। ਹਮਲੇ 'ਚ ਉਨ੍ਹਾਂ ਦੇ ਨਾਲ ਆਏ ਦੋ ਸੁਰੱਖਿਆ ਪੁਲਿਸ ਕਰਮਚਾਰੀ ਅਤੇ ਇਕ ਰਾਹਗੀਰ ਵੀ ਮਾਰਿਆ ਗਿਆ। ਅਧਿਕਾਰੀ ਦੇ ਸੁਰੱਖਿਆ ਸਟਾਫ਼ ਦੇ ਦੋ ਮੈਂਬਰਾਂ ਅਤੇ ਕਾਫ਼ਲੇ ਦੇ ਡਰਾਈਵਰ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ।
ਬੰਨੂ ਹਮਲੇ 'ਚ ਉੱਤਰੀ ਵਜ਼ੀਰਸਤਾਨ ਦੇ ਸਹਾਇਕ ਕਮਿਸ਼ਨਰ ਸਮੇਤ 4 ਦੀ ਮੌਤ
ਅਜੀਤ ਡੈਸਕ
03-12-2025