29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਬੀ.ਬੀ.ਐਮ.ਬੀ. ਵਲੋਂ ਪੰਪਡ ਸਟੋਰੇਜ ਪ੍ਰਾਜੈਕਟ ਰਾਹੀਂ 1500 ਮੈਗਾਵਾਟ ਬਿਜਲੀ ਬਣਾਉਣ ਦੀ ਤਜਵੀਜ਼ ਤਿਆਰ <br/>

ਅਜੀਤ ਡੈਸਕ 03-12-2025

ਐੱਸ. ਏ. ਐੱਸ. ਨਗਰ, 2 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ੍ਹ ਦੇ ਪਿੰਡ ਰਾਏਪੁਰ/ ਡੋਬਰ ਉੱਪਰਲਾ 'ਚ ਪੰਪਡ ਸਟੋਰੇਜ ਪ੍ਰਾਜੈਕਟ ਰਾਹੀਂ 6510 ਕਰੋੜ ਰੁਪਏ ਦੀ ਲਾਗਤ ਨਾਲ 1500 ਮੈਗਾਵਾਟ ਬਿਜਲੀ ਤਿਆਰ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ | ਇਸ ਸੰਬੰਧੀ ਅੱਜ ਬੀ. ਬੀ. ਐਮ. ਬੀ. ਵਲੋਂ ਚੋਣਵੇਂ ਪੱਤਰਕਾਰਾਂ ਨੂੰ ਇਸ ਸਾਈਟ ਦਾ ਦੌਰਾ ਕਰਵਾਇਆ ਗਿਆ | ਇਸ ਮੌਕੇ ਬੋਰਡ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ. ਬੀ. ਐਮ. ਬੀ. ਨੇ ਵਿਵਹਾਰਕਤਾ ਅਧਿਐਨ ਕਰਨ ਤੋਂ ਬਾਅਦ 13,000 ਮੈਗਾਵਾਟ ਦੇ ਕਰੀਬ ਬਿਜਲੀ ਤਿਆਰ ਕਰਨ ਦੀ ਸਮਰੱਥਾ ਵਾਲੀਆਂ 8 ਸੰਭਾਵੀ ਪੀ. ਐਸ. ਪੀ. ਸਾਈਟਾਂ ਦੀ ਸਵੈ-ਪਛਾਣ ਕਰਕੇ ਇਨ੍ਹਾਂ ਪ੍ਰਾਜੈਕਟਾਂ ਦੇ ਡੀ. ਪੀ. ਆਰ. ਦੀ ਹੋਰ ਤਿਆਰੀ ਲਈ ਅਤੇ ਇਨ੍ਹਾਂ ਪ੍ਰਾਜੈਕਟਾਂ ਦੀ ਵਿਵਹਾਰਕਤਾ ਦੀ ਜਾਂਚ ਕਰਨ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਇਹ ਸਾਈਟਾਂ ਬੀ. ਬੀ. ਐਮ. ਬੀ. ਨੂੰ ਅਲਾਟ ਕਰਨ ਦੀ ਬੇਨਤੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਭਾਖੜਾ ਡੈਮ ਨੇੜਲੀ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ੍ਹ ਦੇ ਪਿੰਡ ਰਾਏਪੁਰ/ ਡੋਬਰ ਉੱਪਰਲਾ ਦੀ ਸਾਈਟ ਤੋਂ ਪੀ. ਐੱਸ. ਪੀ. ਪ੍ਰਾਜੈਕਟ ਦੀ ਸੰਭਾਵਨਾ ਦਾ ਅਧਿਐਨ ਮੈਸਰਜ਼ ਵੈਪਕੋਸ ਤੋਂ ਕਰਵਾਇਆ ਗਿਆ | ਇਸ ਸੰਭਾਵਨਾ ਅਧਿਐਨ ਅਨੁਸਾਰ ਜ਼ਿਲ੍ਹਾ ਊਨਾ ਦੇ ਪਿੰਡ ਰਾਏਪੁਰ ਨੂੰ ਵਾਟਰ ਕੰਡਕਟਰ ਸਿਸਟਮ ਦੀ ਲੰਬਾਈ ਘੱਟ ਹੋਣ ਕਾਰਨ ਤਕਨੀਕੀ-ਵਪਾਰਕ ਦਿ੍ਸ਼ਟੀਕੋਣ ਤੋਂ ਸਭ ਤੋਂ ਉਪਯੋਗ ਸਾਈਟ ਮੰਨਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਪ੍ਰਸਤਾਵਿਤ ਇੰਸਟਾਲ ਕਪੈਸਿਟੀ 1500 ਮੈਗਾਵਾਟ ਹੈ ਅਤੇ ਇਥੇ 250-250 ਮੈਗਾਵਾਟ ਦੀਆਂ 6 ਟਰਬਾਈਨਾਂ ਲਗਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਬੀ. ਬੀ. ਐਮ. ਬੀ. ਬੋਰਡ ਦੇ ਫ਼ੈਸਲੇ ਅਨੁਸਾਰ ਇਸ ਪੰਪਡ ਸਟੋਰੇਜ ਪ੍ਰਾਜੈਕਟ ਦੀ ਡੀ. ਪੀ. ਆਰ. ਤਿਆਰ ਕੀਤੀ ਜਾਣੀ ਹੈ, ਜਿਸ ਲਈ 9.85 ਕਰੋੜ ਰੁਪਏ ਦੀ ਰਾਸ਼ੀ ਦੀ ਪ੍ਰਸ਼ਾਸਕੀ ਮਨਜ਼ੂਰੀ ਯੋਗ ਅਥਾਰਟੀ ਵਲੋਂ ਦੇ ਦਿੱਤੀ ਗਈ ਹੈ | ਡੀ. ਪੀ. ਆਰ. ਦੀ ਤਿਆਰੀ ਲਈ ਸਲਾਹਕਾਰ (ਕੰਸਲਟੈਂਟ) ਦੀ ਚੋਣ ਕਰਨ ਲਈ ਖੁੱਲ੍ਹੀ ਟੈਂਡਰਿੰਗ ਪ੍ਰਕਿਰਿਆ ਰਾਹੀਂ ਟੈਂਡਰ ਸੱਦਾ ਨੋਟਿਸ (ਐਨ. ਆਈ. ਟੀ. ) 28 ਜਨਵਰੀ 2024 ਨੂੰ ਜਾਰੀ ਕੀਤਾ ਗਿਆ ਸੀ ਅਤੇ ਟੈਂਡਰ ਮੁਲਾਂਕਣ ਪ੍ਰਕਿਰਿਆ 29 ਫਰਵਰੀ 2024 ਨੂੰ ਪੂਰੀ ਹੋਈ ਸੀ | ਉਨ੍ਹਾਂ ਦੱਸਿਆ ਕਿ ਬੀ. ਬੀ. ਐਮ. ਬੀ. ਦੀ ਖ਼ਰੀਦ ਕਮੇਟੀ ਦੀ 18 ਅਪ੍ਰੈਲ 2024 ਨੂੰ ਹੋਈ ਮੀਟਿੰਗ ਵਿਚ ਕੰਮ ਮੈਸ. ਵੈਪਕੋਸ ਲਿਮਟਿਡ ਦੇ ਹੱਕ ਵਿਚ ਮਨਜ਼ੂਰ ਕੀਤਾ ਗਿਆ ਸੀ, ਜੋ ਕਿ ਹੁਣ ਬੀ. ਬੀ. ਐਮ. ਬੀ. ਦੇ ਨਾਂਅ ਤਹਿਤ ਸਰਕਾਰੀ ਤੌਰ 'ਤੇ ਅਲਾਟਮੈਂਟ ਹੋਣ ਉਪਰੰਤ ਲਾਗੂ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਰਸਮੀ ਤੌਰ 'ਤੇ ਬੀ. ਬੀ. ਐਮ. ਬੀ. ਦੇ ਹੱਕ ਵਿਚ ਅਲਾਟਮੈਂਟ ਕਰਨ ਦਾ ਮਾਮਲਾ ਬੀ. ਬੀ. ਐਮ. ਬੀ. ਪ੍ਰਬੰਧਨ ਵਲੋਂ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਗੰਭੀਰਤਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ | ਸਾਈਟ ਦੀ ਅਲਾਟਮੈਂਟ ਬੀ. ਬੀ. ਐਮ. ਬੀ. ਦੇ ਹੱਕ ਵਿਚ ਹੋਣ ਉਪਰੰਤ ਸਲਾਹਕਾਰ (ਕੰਸਲਟੈਂਟ) ਮੈਸ. ਵੈਪਕੋਸ ਲਿਮ. ਦੇ ਹੱਕ ਵਿਚ ਵਰਕ ਆਰਡਰ ਜਾਰੀ ਕਰ ਦਿੱਤਾ ਜਾਵੇਗਾ | ਉਨ੍ਹਾਂ ਪ੍ਰਾਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਪਰਲਾ ਜਲ ਭੰਡਾਰ ਪੱਧਰ 750 ਮੀਟਰ ਹੋਵੇਗਾ ਤੇ ਘੱਟੋ ਘੱਟ ਡਰਾਡਾਊਨ ਪੱਧਰ 700 ਮੀਟਰ ਹੋਵੇਗਾ, ਜਿਸ ਦੀ ਕੁੱਲ ਸਟੋਰੇਜ ਸਮਰੱਥਾ 19.3 ਮਿਲੀਅਨ ਘਣ ਮੀਟਰ ਹੋਵੇਗੀ, ਜਦਕਿ ਲਾਈਵ ਸਟੋਰੇਜ 14.4 ਮਿਲੀਅਨ ਘਣ ਮੀਟਰ ਹੋਵੇਗੀ | ਉਨ੍ਹਾਂ ਦੱਸਿਆ ਕਿ ਹੇਠਲੇ (ਲੋਅਰ) ਜਲ ਭੰਡਾਰ ਦਾ ਪੱਧਰ 512.07 ਮੀਟਰ ਹੋਵੇਗਾ ਤੇ ਘੱਟੋ ਘੱਟ ਡਰਾਡਾਊਨ ਪੱਧਰ 445.62 ਮੀਟਰ ਹੋਵੇਗਾ ਅਤੇ ਇਸ ਦੀ ਕੁੱਲ ਸਮਰੱਥਾ-7.04 ਅਰਬ ਘਣ ਮੀਟਰ ਅਤੇ ਲਾਈਵ ਸਟੋਰੇਜ-5.65 ਅਰਬ ਘਣ ਮੀਟਰ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਉਪਰਲਾ ਡੈਮ ਕੰਕਰੀਟ ਗਰੈਵਿਟੀ ਦਾ ਹੋਵੇਗਾ, ਜਿਸ ਦੀ ਉੱਚਾਈ ਬੈੱਡ ਲੈਵਲ ਤੋਂ 100 ਮੀਟਰ ਹੋਵੇਗੀ, ਜਦਕਿ ਚੌੜਾਈ 10 ਮੀਟਰ ਤੇ ਉਪਰ ਲੰਬਾਈ 500 ਮੀਟਰ ਅਤੇ ਡੈਮ ਦਾ ਸਿਖਰ ਈ. ਐਲ. 752 ਮੀਟਰ ਹੋਵੇਗਾ | ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦੀ ਅਨੁਮਾਨਿਤ ਕੁੱਲ ਲਾਗਤ 6510 ਕਰੋੜ ਰੁ. (ਆਈ. ਡੀ. ਸੀ .668.59 ਰੁ. ਕਰੋੜ ਤੋਂ ਬਿਨਾਂ) ਹੋਵੇਗੀ | ਇਸ ਪ੍ਰਾਜੈਕਟ ਦੀ ਕੁੱਲ ਨਿਰਮਾਣ ਅਵਧੀ ਸਾਢੇ ਚਾਰ ਸਾਲ (ਇਕ ਸਾਲ ਪ੍ਰੀ-ਕੰਸਟਰੱਕਸ਼ਨ ਅਵਧੀ ਤੋਂ ਬਿਨਾਂ) ਹੋਵੇਗੀ |

ਪਿਛਲੀ ਖ਼ਬਰ ਬੰਨੂ ਹਮਲੇ 'ਚ ਉੱਤਰੀ ਵਜ਼ੀਰਸਤਾਨ ਦੇ ਸਹਾਇਕ ਕਮਿਸ਼ਨਰ ਸਮੇਤ 4 ਦੀ ਮੌਤ ਅਗਲੀ ਖ਼ਬਰ ਪਾਕਿ ਗੁਰਧਾਮਾਂ ਦੀ ਯਾਤਰਾ 'ਚ ਸ਼ਾਮਿਲ ਅਸਥਾਨਾਂ ਦੀ ਗਿਣਤੀ ਘਟਾ ਰਹੀ ਹੈ ਗੁਰਦੁਆਰਾ ਕਮੇਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।