• ਸਰਕਾਰ ਵਲੋਂ ਖ਼ਰੀਦ ਬੰਦ ਕਰਨ ਦਾ ਫ਼ੈਸਲਾ • ਹੜ੍ਹਾਂ ਤੇ ਬਿਮਾਰੀ ਕਾਰਨ ਘਟੇ ਝਾੜ ਕਾਰਨ ਕਿਸਾਨੀ ਦਾ ਹੋਇਆ ਕੋਈ 800 ਕਰੋੜ ਦਾ ਨੁਕਸਾਨ • ਦੂਜੇ ਸੂਬਿਆਂ ਦਾ ਝੋਨਾ ਵੀ ਪੰਜਾਬ 'ਚ ਵਿਕਦਾ ਰਿਹਾ
ਹਰਕਵਲਜੀਤ ਸਿੰਘ
ਚੰਡੀਗੜ੍ਹ, 20 ਨਵੰਬਰ-ਪੰਜਾਬ 'ਚ ਆਏ ਹੜ੍ਹਾਂ ਅਤੇ ਖ਼ਰਾਬ ਮੌਸਮ ਕਾਰਨ ਕੁਝ ਖੇਤਰਾਂ ਵਿਚ ਫ਼ਸਲ 'ਤੇ ਬਿਮਾਰੀ ਦੇ ਪਏ ਪ੍ਰਭਾਵ ਕਾਰਨ ਰਾਜ ਵਿਚ ਝੋਨੇ ਦੀ ਫ਼ਸਲ ਦੀ ਖ਼ਰੀਦ ਮੁੱਢਲੇ ਅਨੁਮਾਨਾਂ ਤੋਂ ਕੋਈ 30 ਲੱਖ ਮੀਟਿ੍ਕ ਟਨ ਘੱਟ ਰਹੀ | ਸਰਕਾਰੀ ਸੂਤਰਾਂ ਦਾ ਮੰਨਣਾ ਹੈ ਕਿ ਦੂਜੇ ਸੂਬਿਆਂ ਤੋਂ ਆ ਕੇ ਵੀ ਪੰਜਾਬ 'ਚ ਝੋਨਾ ਅਗਰ ਨਾ ਵਿਕਦਾ ਤਾਂ ਇਹ ਅੰਕੜਾ ਹੋਰ ਵੀ ਕਾਫ਼ੀ ਘੱਟ ਸਕਦਾ ਸੀ | ਸਰਕਾਰੀ ਸੂਤਰਾਂ ਅਨੁਸਾਰ ਗੁਰਦਾਸਪੁਰ, ਤਰਨਤਾਰਨ ਤੇ ਫ਼ਾਜ਼ਿਲਕਾ ਦੇ ਖੇਤਰਾਂ ਵਿਚ ਹੜ੍ਹਾਂ ਕਾਰਨ ਫ਼ਸਲਾਂ ਦੇ ਹੋਏ ਵੱਡੇ ਨੁਕਸਾਨ ਦੇ ਬਾਵਜੂਦ ਜਿਵੇਂ ਫ਼ਸਲ ਦੀ ਖ਼ਰੀਦ ਮਗਰਲੇ ਸਾਲ ਦੇ ਨੇੜੇ ਤੇੜੇ ਰਹੀ ਹੈ, ਉਸ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਖੇਤਰਾਂ ਸਮੇਤ ਕਈ ਥਾਵਾਂ ਵਿਚ ਬਾਹਰੀ ਝੋਨੇ ਦੀ ਫ਼ਸਲ ਵੱਡੇ ਪੱਧਰ 'ਤੇ ਵਿਕਣ ਲਈ ਆਈ ਪ੍ਰੰਤੂ ਦੂਜੇ ਸੂਬਿਆਂ ਦੀ ਫ਼ਸਲ ਦੇ ਪੰਜਾਬ ਵਿਚ ਵਿਕਣ ਕਾਰਨ ਸੂਬੇ ਦੀ ਅਸਲ ਉਪਜ ਤੇ ਖ਼ਰੀਦ ਦੇ ਅੰਕੜੇ ਸਪੱਸ਼ਟ ਨਹੀਂ ਹੋ ਸਕੇ | ਮੌਜੂਦਾ ਅੰਕੜਿਆਂ ਅਨੁਸਾਰ ਵੀ ਹੜ੍ਹਾਂ ਤੇ ਝਾੜ ਘਟਣ ਕਾਰਨ ਰਾਜ ਦੀ ਕਿਸਾਨੀ ਦਾ ਕੋਈ 800 ਕਰੋੜ ਦਾ ਨੁਕਸਾਨ ਤਾਂ ਹੋਇਆ ਹੀ ਹੈ | ਮਗਰਲੇ ਕੁਝ ਦਿਨਾਂ ਤੋਂ ਜਿਵੇਂ ਕਿ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਨਾ ਬਰਾਬਰ ਹੀ ਰਹਿ ਗਈ ਸੀ, ਇਸ ਲਈ ਰਾਜ ਸਰਕਾਰ ਵਲੋਂ ਅੱਜ ਤੋਂ ਰਾਜ ਦੀਆਂ ਮੰਡੀਆਂ ਵਿਚ ਸਰਕਾਰੀ ਖ਼ਰੀਦ ਤਕਰੀਬਨ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਰਾਜ ਦੀਆਂ ਮੰਡੀਆਂ ਵਿਚ ਕੁੱਲ 156.80 ਲੱਖ ਮੀਟਿ੍ਕ ਟਨ ਝੋਨਾ ਆਇਆ ਹੈ ਜਦੋਂ ਕਿ ਮੁੱਢਲੇ ਅਨੁਮਾਨ 190 ਲੱਖ ਮੀਟਿ੍ਕ ਟਨ ਦਾ ਸੀ | ਮਗਰਲੇ ਸਾਲਾ ਦੌਰਾਨ ਰਾਜ 'ਚ 188 ਲੱਖ ਮੀਟਿ੍ਕ ਟਨ ਦਾ ਉਤਪਾਦਨ ਹੁੰਦਾ ਰਿਹਾ ਹੈ | ਮੰਡੀਆਂ 'ਚੋਂ ਰਾਜ ਸਰਕਾਰ ਵਲੋਂ ਕੋਈ 156 ਲੱਖ ਮੀਟਿ੍ਕ ਟਨ ਝੋਨੇ ਦੀ ਖਰੀਦ ਲਈ ਕੁੱਲ 1822 ਮੰਡੀਆਂ ਅਤੇ 715 ਆਰਜ਼ੀ ਯਾਰਡ ਨੋਟੀਫ਼ਾਈ ਕੀਤੇ ਗਏ ਹਨ | ਝੋਨੇ ਦੀ ਆਮਦ ਨਾਂਹ ਬਰਾਬਰ ਰਹਿ ਜਾਣ ਕਾਰਨ ਕੁੱਲ 2537 ਮੰਡੀਆਂ ਤੇ ਯਾਰਡਾਂ 'ਚੋਂ ਤਕਰੀਬਨ 2500 ਨੂੰ ਮਗਰਲੇ ਦਿਨਾਂ ਦੌਰਾਨ ਬੰਦ ਕਰ ਦਿੱਤਾ ਗਿਆ ਸੀ ਜਦੋਂ ਕਿ ਅੱਜ ਤੋਂ ਸਾਰੀਆਂ 2537 ਮੰਡੀਆਂ ਤੇ ਯਾਰਡਾ 'ਤੇ ਹੀ ਖਰੀਦ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਰਾਜ 'ਚੋਂ ਝੋਨੇ ਦੀ ਖਰੀਦ 15 ਸਤੰਬਰ ਨੂੰ ਸ਼ੁਰੂ ਹੋ ਗਈ ਸੀ | ਆਮ ਤੌਰ 'ਤੇ ਝੋਨੇ ਦੀ ਖਰੀਦ 31 ਅਕਤੂਬਰ ਨੂੰ ਬੰਦ ਹੋ ਜਾਂਦੀ ਹੈ ਲੇਕਿਨ ਹੜ੍ਹਾਂ ਤੇ ਝੋਨੇ ਦੀ ਕਟਾਈ ਕੁਝ ਖੇਤਰਾਂ 'ਚ ਦੇਰੀ ਨਾਲ ਹੋਣ ਕਾਰਨ ਖਰੀਦ ਦਾ ਸਮਾਂ 20 ਨਵੰਬਰ ਤੱਕ ਵੱਧ ਗਿਆ ਸੀ | ਸਰਕਾਰੀ ਅੰਕੜਿਆਂ ਅਨੁਸਾਰ ਸੂਬੇ 'ਚ ਇਸ ਵਾਰ ਝੋਨੇ ਦਾ ਕੁੱਲ ਝਾੜ ਮਗਰਲੇ ਦਸ ਸਾਲ ਦੌਰਾਨ ਦੇ ਅੰਕੜਿਆਂ ਮੁਕਾਬਲੇ ਸਭ ਤੋਂ ਘੱਟ ਰਿਹਾ | ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਸੂਬੇ 'ਚ ਝੋਨੇ ਦਾ ਉਤਪਾਦਨ ਘੱਟਣ ਕਾਰਨ ਜਿੱਥੇ ਕਿਸਾਨੀ ਦਾ ਵੱਡਾ ਵਿੱਤੀ ਨੁਕਸਾਨ ਹੋਇਆ, ਉੱਥੇ ਇਸ ਦਾ ਅਸਰ ਦੂਜੇ ਸਾਰੇ ਕਿੱਤਿਆ 'ਤੇ ਵੀ ਪਵੇਗਾ ਕਿਉਂਕਿ ਕਿਸਾਨ ਦੀ ਆਮਦਨ ਮਾਰਕੀਟ 'ਚ ਹੀ ਜਾਂਦੀ ਹੈ ਜਿਸ ਨਾਲ ਦੂਜੇ ਕਈ ਕਿੱਤਿਆ ਨੂੰ ਵੀ ਉਤਸ਼ਾਹ ਮਿਲਦਾ ਹੈ | ਕਿਸਾਨੀ ਦੇ ਹੋਏ ਵੱਡੇ ਨੁਕਸਾਨ ਕਾਰਨ ਜਿੱਥੇ ਕਿਸਾਨੀ ਦੇ ਕਰਜ਼ੇ ਵੀ ਕਈ ਖ਼ੇਤਰਾਂ 'ਚ ਨਹੀਂ ਮੁੜਨਗੇ ਉੱਥੇ ਰਾਜ ਸਰਕਾਰ ਨੂੰ ਵੀ ਝੋਨੇ ਦੀ ਖਰੀਦ 'ਤੇ ਮਿਲਣ ਵਾਲੇ ਟੈਕਸਾਂ ਅਤੇ ਦਿਹਾਤੀ ਵਿਕਾਸ ਫੰਡ 'ਚ ਵੀ ਕੰਮੀ ਆਵੇਗੀ |
ਪੰਜਾਬ 'ਚ ਝੋਨੇ ਦੀ ਖ਼ਰੀਦ ਅਨੁਮਾਨਾਂ ਤੋਂ 30 ਲੱਖ ਮੀਟਿ੍ਕ ਟਨ ਘਟੀ <br/>
ਅਜੀਤ ਡੈਸਕ
21-11-2025