ਸਰਹਾਲੀ ਕਲਾਂ (ਤਰਨ ਤਾਰਨ), 20 ਨਵੰਬਰ (ਅਜੇ ਸਿੰਘ ਹੁੰਦਲ)-ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ 'ਚ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਲੋਂ ਯੂਨੀਵਰਸਿਟੀ ਦੇ ਰਿਜ਼ਨਲ ਸੈਂਟਰ ਦਾ ਉਦਘਾਟਨ ਪ੍ਰੋ. ਡਾ. ਰਤਨ ਸਿੰਘ ਉਪ ਕੁਲਪਤੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਅਤੇ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਸੁੱਖਾ ਸਿੰਘ ਵਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ | ਕਾਲਜ ਪ੍ਰਬੰਧਕੀ ਕਮੇਟੀ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਉਪ ਕੁਲਪਤੀ ਪ੍ਰੋ. (ਡਾ.) ਰਤਨ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਸੰਤ ਸੁੱਖਾ ਸਿੰਘ ਸਰਪ੍ਰਸਤ ਪ੍ਰਬੰਧਕੀ ਕਮੇਟੀ ਅਤੇ ਮੁੱਖੀ ਸੰਪਰਦਾਈ ਕਾਰ ਸੇਵਾ ਸਰਹਾਲੀ ਸਾਹਿਬ ਨੇ ਰਿਜ਼ਨਲ ਸੈਂਟਰ ਦੀ ਸਥਾਪਨਾ 'ਤੇ ਖੁਸ਼ੀ ਪ੍ਰਗਟਾਈ | ਯੂਨੀਵਰਸਿਟੀ ਰਜਿਸਟਰਾਰ ਡਾ. ਬਲਜੀਤ ਸਿੰਘ ਖਹਿਰਾ ਤੋਂ ਇਲਾਵਾ, ਡਾ. ਕੁਲਦੀਪ ਵਾਲੀਆ (ਡਾਇਰੈਕਟਰ, ਸੀ.ਆਈ.ਕਿਊ.ਏ.), ਡਾ. ਕਰੇਨ ਸੁਖੀਜਾ (ਹੈੱਡ ਪਲਾਨਿੰਗ ਐਂਡ ਡਿਵੈਲਪਮੈਂਟ ਸੈਲ) ਅਤੇ ਡਾ. ਧਰਮਿੰਦਰ ਸਿੰਘ (ਮੈਂਬਰ ਐਲ.ਐੱਸ.ਸੀ. ਕਮੇਟੀ) ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੀ ਤਰਫੋਂ ਸ਼ਾਮਿਲ ਹੋਏ | ਕਾਲਜ ਪਿ੍ੰਸਿਪਲ ਡਾ. ਜਸਬੀਰ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਸ਼ਾਨਦਾਰ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਰਜਿਸਟਰਾਰ ਕਮ ਡਾਇਰੈਕਟਰ ਲਰਨਰ ਸਪੋਰਟ ਸੈਂਟਰ ਦੇ ਡਾ. ਬਲਜੀਤ ਸਿੰਘ ਅਤੇ ਕਾਲਜ ਤਰਫੋਂ ਕਾਲਜ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸਕੱਤਰ ਸਾਹਿਬ ਅਤੇ ਪਿ੍ੰਸੀਪਲ ਦਰਮਿਆਨ ਇਕ ਐਮ.ਓ.ਯੂ. ਵੀ ਸਾਈਨ ਕੀਤਾ ਗਿਆ | ਕਾਲਜ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸਕੱਤਰ ਹਰਜਿੰਦਰ ਸਿੰਘ ਬਿੱਲਿਆਂਵਾਲਾ ਵਲੋਂ ਵਾਈਸ ਚਾਂਸਲਰ ਪ੍ਰੋ. ਡਾ. ਰਤਨ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਇੱਥੇ ਪਹੁੰਚਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਸਮਾਗਮ ਵਿਚ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਕਮੇਟੀ ਮੈਂਬਰ ਜਸਵਿੰਦਰ ਸਿੰਘ ਮੋਹਨਪੁਰਾ, ਮਨਜੀਤ ਸਿੰਘ ਮਰਹਾਣਾ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ 'ਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਰਿਜ਼ਨਲ ਸੈਂਟਰ ਦਾ ਉਦਘਾਟਨ <br/>
ਅਜੀਤ ਡੈਸਕ
21-11-2025