ਪਟਿਆਲਾ, 20 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੀ.ਐੱਸ.ਈ.ਬੀ. ਇੰਜੀਨੀਅਰ ਐਸੋਸੀਏਸ਼ਨ (ਪੀ.ਐੱਸ.ਈ.ਬੀ.ਈ.ਏ.) 26 ਨਵੰਬਰ ਤੋਂ ਸੂਬਾ ਪੱਧਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰੇਗੀ, ਜਿਸ 'ਚ ਬਿਜਲੀ ਖੇਤਰ ਦੀਆਂ ਜਾਇਦਾਦਾਂ ਦੀ ਪ੍ਰਸਤਾਵਿਤ ਵਿਕਰੀ, ਸੀਨੀਅਰ ਇੰਜੀਨੀਅਰਾਂ ਦੀ ਮੁਅੱਤਲੀ ਅਤੇ ਤਕਨੀਕੀ ਫ਼ੈਸਲਿਆਂ 'ਚ ਵੱਧ ਰਹੀ ਰਾਜਨੀਤਿਕ ਦਖ਼ਲ-ਅੰਦਾਜ਼ੀ ਦਾ ਵਿਰੋਧ ਕੀਤਾ ਜਾਵੇਗਾ | ਐਸੋਸੀਏਸ਼ਨ ਆਗੂਆਂ ਦੁਆਰਾ ਪਾਵਰਕਾਮ ਦੀ ਨੇ ਸੰਪਤੀ ਦੀ ਵਿਕਰੀ ਨੂੰ ਰੋਕਣ, 2800 ਮੈਗਾਵਾਟ ਰੋਪੜ ਸੁਪਰਕਿ੍ਟੀਕਲ ਯੂਨਿਟਾਂ ਨੂੰ ਮੁੜ ਸੁਰਜੀਤ ਕਰਨ, ਇੰਜੀਨੀਅਰ ਹਰੀਸ਼ ਸ਼ਰਮਾ (ਸੀ.ਈ./ ਜੀ.ਜੀ.ਐੱਸ.ਟੀ.ਪੀ.) ਨੂੰ ਬਹਾਲ ਕਰਨ ਅਤੇ ਇੰਜੀਨੀਅਰ ਹਰਜੀਤ ਸਿੰਘ (ਡਾਇਰੈਕਟਰ/ਜਨਰੇਸ਼ਨ) ਨੂੰ ਕਥਿਤ ਤੌਰ 'ਤੇ ਮਨਘੜਤ ਆਧਾਰਾਂ 'ਤੇ ਹਟਾਉਣ ਦੀ ਨਿੰਦਾ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਪੀ.ਐੱਸ.ਈ.ਬੀ.ਈ.ਏ. ਇੰਜ. ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਜਸਵੀਰ ਸਿੰਘ ਧੀਮਾਨ ਨੇ ਕਿਹਾ ਕਿ ਬਿਜਲੀ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਕੋਈ ਸੁਧਾਰਾਤਮਕ ਕਾਰਵਾਈ ਨਹੀਂ ਹੋਈ, ਜਿਸ ਕਾਰਨ ਇੰਜੀਨੀਅਰ ਅੰਦੋਲਨ ਲਈ ਮਜ਼ਬੂਰ ਹਨ |