ਚੰਡੀਗੜ੍ਹ, 19 ਨਵੰਬਰ (ਸੰਦੀਪ ਕੁਮਾਰ ਮਾਹਨਾ)-ਸ਼੍ਰੋਮਣੀ ਅਕਾਲੀ ਦਲ (ਬ) ਨੇ ਪੰਜਾਬ ਵਿਚ ਚਰਮਰਾ ਰਹੀ ਕਾਨੂੰਨ-ਵਿਵਸਥਾ ਲਈ 'ਆਪ' ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਗ੍ਰਹਿ ਮੰਤਰੀ ਵਜੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ | ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਦੋਸ਼ ਲਗਾਇਆ ਕਿ ਆਪ ਲੀਡਰਸ਼ਿਪ ਗੈਂਗਸਟਰਾਂ ਨੂੰ ਖੁੱਲ੍ਹੀ ਪਨਾਹ ਦੇ ਰਹੀ ਹੈ ਜਿਸ ਕਾਰਨ ਸੂਬਾ ਹਿੰਸਾ ਦੀ ਲਪੇਟ ਵਿਚ ਹੈ | ਉਨ੍ਹਾਂ ਕਿਹਾ ਕਿ ਬੀਤੇ 48 ਘੰਟਿਆਂ ਦੌਰਾਨ ਗੋਲੀਬਾਰੀ ਦੀਆਂ ਚਾਰ ਵੱਡੀਆਂ ਘਟਨਾਵਾਂ ਵਿਚ ਚਾਰ ਲੋਕਾਂ ਦੀ ਮੌਤ ਤੇ ਕਈ ਗੰਭੀਰ ਜ਼ਖ਼ਮੀ ਹੋਏ ਹਨ | ਜਿਨ੍ਹਾਂ 'ਚ ਅੰਮਿ੍ਤਸਰ ਬੱਸ ਸਟੈਂਡ 'ਤੇ ਗੋਲੀਬਾਰੀ ਵਿਚ ਇਕ ਵਿਅਕਤੀ ਮਾਰਿਆ ਗਿਆ, ਛੇਹਰਟਾ ਵਿਚ ਪੈਰੋਲ 'ਤੇ ਆਇਆ ਇਕ ਵਿਅਕਤੀ ਮਾਰਿਆ ਗਿਆ, ਇਸੇ ਸ਼ਹਿਰ ਦੀ ਮਾਰਕੀਟ ਵਿਚ ਇਕ ਵਿਅਕਤੀ ਗੋਲੀ ਨਾਲ ਮਾਰਿਆ ਗਿਆ ਅਤੇ ਬੰਗਾ ਬੱਸ ਸਟੈਂਡ 'ਤੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਮਾਰਿਆ ਗਿਆ ਤੇ ਚਾਰ ਹੋਰ ਜ਼ਖ਼ਮੀ ਹੋ ਗਏ, ਇਹ ਘਟਨਾਵਾਂ ਵਧ ਰਹੇ ਜੁਰਮ ਦੀ ਗੰਭੀਰ ਤਸਵੀਰ ਪੇਸ਼ ਕਰਦੀਆਂ ਹਨ |