14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਜਥੇ ਨਾਲ ਆਏ ਸ਼ਰਧਾਲੂਆਂ ਨੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੇ ਕੀਤੇ ਦਰਸ਼ਨ <br/>

ਅਜੀਤ ਡੈਸਕ 07-11-2025

(ਫਾਰੂਕਾਬਾਦ) ਪਾਕਿਸਤਾਨ, 6 ਨਵੰਬਰ (ਜਸਵੰਤ ਸਿੰਘ ਜੱਸ)-ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਤੋਂ ਪਾਕਿਸਤਾਨ ਆਏ ਹੋਏ ਸ਼ਰਧਾਲੂ ਅੱਜ ਗੁਰਦੁਆਰਾ ਸੱਚਾ ਸੌਦਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ | ਫਾਰੂਕਾਬਾਦ, ਜਿਸ ਨੂੰ ਪੁਰਾਤਨ ਸਮੇਂ ਮੰਡੀ ਚੂਹੜਕਾਣਾ ਦੇ ਨਾਂਅ ਨਾਲ ਜਾਣਿਆ ਵੀ ਜਾਂਦਾ ਸੀ, ਵਿਖੇ ਸੁਸ਼ੋਭਿਤ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਅਨੁਸਾਰ ਇਸ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਵਲੋਂ 20 ਰੁਪਏ ਦੇ ਕੇ ਖਰਾ ਸੌਦਾ ਕਰਨ ਵਾਸਤੇ ਭੇਜੇ ਜਾਣ ਤੋਂ ਬਾਅਦ ਇਸ ਸਥਾਨ 'ਤੇ ਸੰਤਾਂ ਸਾਧੂਆਂ ਨਾਲ ਗਿਆਨ ਗੋਸ਼ਟ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਪਿਤਾ ਜੀ ਕੋਲੋਂ ਮਿਲੇ ਰੁਪਇਆਂ ਦੇ ਨਾਲ ਖਰੇ ਸੌਦੇ ਦੀ ਥਾਂ ਸੱਚਾ ਸੌਦਾ ਕਰਦਿਆਂ ਲੰਗਰ ਲਗਾ ਕੇ ਉਨ੍ਹਾਂ ਨੂੰ ਭੋਜਨ ਛਕਾ ਦਿੱਤਾ ਗਿਆ ਸੀ | ਇਸ ਗੁਰਦੁਆਰਾ ਸਾਹਿਬ ਸਮੂਹ ਦੇ ਅੰਦਰ ਛੋਟਾ ਜਿਹਾ ਸਰੋਵਰ ਲੰਗਰ ਦੀ ਇਮਾਰਤ ਅਤੇ ਛੋਟਾ ਜਿਹਾ ਇਕ ਬਾਗ ਵੀ ਲੱਗਿਆ ਹੋਇਆ ਹੈ | ਇਸ ਗੁਰਦੁਆਰਾ ਸਾਹਿਬ ਵਿਖੇ ਜਥੇ ਨਾਲ ਦਰਸ਼ਨ ਕਰਨ ਲਈ ਚੜਦੇ ਪੰਜਾਬ ਦੇ ਵੇਰਕਾ, ਪਟਿਆਲਾ ਅਤੇ ਹੋਰ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਪੁੱਜੇ ਸ਼ਰਧਾਲੂਆਂ ਨੇ 'ਅਜੀਤ' ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਇਸ ਅਸਥਾਨ ਵਿਖੇ ਦਰਸ਼ਨ ਕਰਕੇ ਬਹੁਤ ਖੁਸ਼ੀ ਪ੍ਰਾਪਤ ਹੋਈ ਹੈ | ਉਨ੍ਹਾਂ ਇਹ ਸ਼ਬਦ ਜਥੇ ਨੂੰ ਪ੍ਰਵਾਨਗੀ ਦੇਣ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਵੀ ਕੀਤਾ |
ਗੁਰਦੁਆਰਾ ਪੱਟੀ ਸਾਹਿਬ ਤੇ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ
ਨਨਕਾਣਾ ਸਾਹਿਬ ਦੀ ਪਾਵਨ ਧਰਤੀ 'ਤੇ ਗੁਰਦੁਆਰਾ ਜਨਮ ਅਸਥਾਨ ਸਾਹਿਬ ਤੋਂ ਕੁਝ ਕੁ ਕਦਮਾਂ ਦੀ ਵਿੱਥ 'ਤੇ ਸੁਸ਼ੋਭਿਤ ਹਨ ਗੁਰਦੁਆਰਾ ਪੱਟੀ ਸਾਹਿਬ ਅਤੇ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ। ਗੁਰਦੁਆਰਾ ਪੱਟੀ ਸਾਹਿਬ ਦੇ ਗ੍ਰੰਥੀ ਭਾਈ ਹਰਭਜਨ ਸਿੰਘ ਨੇ 'ਅਜੀਤ' ਦੀ ਟੀਮ ਨਾਲ ਗੱਲਬਾਤ ਕਰਦਿਆਂ ਤੇ ਇਤਿਹਾਸ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੂੰ ਛੇ ਸਾਲ ਦੀ ਬਾਲ ਉਮਰੇ ਉਨ੍ਹਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਵਲੋਂ ਪਾਂਧੇ ਪੰਡਿਤ ਗੋਪਾਲ ਦਾਸ, ਪੰਡਿਤ ਬ੍ਰਿਜ ਲਾਲ ਅਤੇ ਮੌਲਵੀ ਕੁਤਬਦੀਨ ਪਾਸੋਂ ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਆਦਿ ਦੁਨਿਆਵੀ ਵਿੱਦਿਆ ਦਾ ਗਿਆਨ ਹਾਸਿਲ ਕਰਨ ਲਈ ਭੇਜਿਆ ਗਿਆ ਸੀ। ਇਸ ਅਸਥਾਨ 'ਤੇ ਹੁਣ ਗੁਰਦੁਆਰਾ ਪੱਟੀ ਸਾਹਿਬ ਸੁਸ਼ੋਭਿਤ ਹੈ।
ਗੁਰਦੁਆਰਾ ਬਾਲ ਲੀਲਾ ਸਾਹਿਬ
ਇਹ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਪੱਟੀ ਸਾਹਿਬ ਦੇ ਬਿਲਕੁਲ ਨਜ਼ਦੀਕ ਸਥਿਤ ਹੈ, ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਬਾਲ ਉਮਰੇ ਆਪਣੇ ਹਾਣੀ ਬੱਚਿਆਂ ਨਾਲ ਖੇਡਦੇ ਸਨ। ਇਸ ਗੁਰਦੁਆਰਾ ਸਾਹਿਬ ਦੀ ਵੀ ਚਾਰ ਮੰਜ਼ਿਲਾਂ ਸੁੰਦਰ ਇਮਾਰਤ ਤਾਮੀਰ ਕੀਤੀ ਹੋਈ ਹੈ।

ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਸੰਬੰਧੀ ਸਾਈਕਲ ਯਾਤਰਾ ਪ੍ਰਤੀ ਸੰਗਤਾਂ 'ਚ ਭਾਰੀ ਉਤਸ਼ਾਹ-ਜੀ. ਕੇ. ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ 'ਆਪ' ਦੇ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।