16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਦੇਸ਼-ਵਿਦੇਸ਼ 'ਚ ਪ੍ਰਕਾਸ਼ ਪੁਰਬ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ <br/>

ਅਜੀਤ ਡੈਸਕ 06-11-2025

ਸੁਲਤਾਨਪੁਰ ਲੋਧੀ (ਕਪੂਰਥਲਾ), 5 ਨਵੰਬਰ (ਅਮਰਜੀਤ ਕੋਮਲ, ਨਰੇਸ਼ ਹੈਪੀ, ਜਗਮੋਹਨ ਸਿੰਘ ਥਿੰਦ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਚ ਕਰਵਾਏ ਗਏ ਸਮਾਗਮਾਂ ਵਿਚ ਦੇਸ਼-ਵਿਦੇਸ਼ ਤੋਂ 3 ਲੱਖ ਤੋਂ ਵੱਧ ਸੰਗਤਾਂ ਨਤਮਸਤਕ ਹੋਈਆਂ | ਸਮਾਗਮ ਵਿਚ ਉਮੜੇ ਸੰਗਤਾਂ ਦੇ ਜਨ ਸੈਲਾਬ ਕਾਰਨ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਇਕ ਘੰਟੇ ਤੋਂ ਵੱਧ ਸਮਾਂ ਆਪਣੀ ਵਾਰੀ ਦੀ ਉਡੀਕ ਕਰਨੀ ਪਈ | ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀਆਂ ਯਾਦਾਂ ਨਾਲ ਸੰਬੰਧਿਤ ਸ਼ਹਿਰ ਵਿਚਲੇ ਹੋਰ ਗੁਰਦੁਆਰਿਆਂ ਵਿਚ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਸ਼ਾਨਦਾਰ ਦੀਪਮਾਲਾ ਕੀਤੀ ਗਈ | ਸੰਗਤਾਂ ਨੇ ਆਤਿਸ਼ਬਾਜ਼ੀ ਦਾ ਆਨੰਦ ਮਾਣਿਆ | ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਸੀਸ ਝੁਕਾਇਆ | ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਅਵਤਾਰ ਸਿੰਘ, ਸ਼ੋ੍ਰਮਣੀ ਕਮੇਟੀ ਦੇ ਸਾਬਕਾ ਸਕੱਤਰ ਮਹਿੰਦਰ ਸਿੰਘ ਆਹਲੀ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਗਿਆਨੀ ਰਘਬੀਰ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਜੋ ਗੁਰਬਾਣੀ ਦਾ ਗਿਆਨ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ, ਉਸ ਪ੍ਰਕਾਸ਼ ਨੂੰ ਧਾਰਨ ਕਰਦੇ ਹੋਏ ਗੁਰਬਾਣੀ ਨੂੰ ਪੜ੍ਹੀਏ, ਸੁਣੀਏ ਤੇ ਗੁਰੂ ਜੀ ਵਲੋਂ ਦੱਸੇ ਗਏ ਮਾਰਗ 'ਤੇ ਚੱਲਣ ਦਾ ਯਤਨ ਕਰੀਏ | ਇਸੇ ਦੌਰਾਨ ਹੀ ਪੰਜਾਬ ਦੇ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ, ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ | ਇਨ੍ਹਾਂ ਸ਼ਖ਼ਸੀਅਤਾਂ ਨੂੰ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਭਾਈ ਪ੍ਰਤਾਪ ਸਿੰਘ, ਜਥੇ. ਜਰਨੈਲ ਸਿੰਘ ਡੋਗਰਾਂਵਾਲਾ ਨੇ ਸਨਮਾਨਿਤ ਕੀਤਾ | ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਸਾਹਿਬ ਦੇ ਭਾਈ ਮਰਦਾਨਾ ਦੀਵਾਨ ਹਾਲ ਵਿਚ ਚੱਲ ਰਹੇ ਧਾਰਮਿਕ ਸਮਾਗਮ ਵਿਚ ਉੱਘੇ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਜਿਨ੍ਹਾਂ ਵਿਚ ਭਾਈ ਕਮਲਜੀਤ ਸਿੰਘ, ਭਾਈ ਦਿਆਲ ਸਿੰਘ, ਭਾਈ ਕੁਲਬੀਰ ਸਿੰਘ, ਭਾਈ ਹਰਪ੍ਰੀਤ ਸਿੰਘ ਰੂਪੋਵਾਲੀ, ਭਾਈ ਸੰਦੀਪ ਸਿੰਘ ਚੰਦਨ, ਭਾਈ ਗੁਰਜੀਤ ਸਿੰਘ ਗੌਰੀ, ਭਾਈ ਹਰਜੀਤ ਸਿੰਘ ਚੋਹਲਾ, ਭਾਈ ਜਰਨੈਲ ਸਿੰਘ ਬੈਂਸ, ਭਾਈ ਅਮਰੀਕ ਸਿੰਘ ਮਾਹੀ, ਭਾਈ ਹਰਪ੍ਰੀਤ ਸਿੰਘ, ਭਾਈ ਸ਼ਿੰਗਾਰਾ ਸਿੰਘ ਸ਼ੌਂਕੀ, ਲਛਮਣ ਸਿੰਘ ਖ਼ਾਨਪੁਰੀ, ਬੀਬੀ ਜਸਬੀਰ ਕੌਰ ਜੱਸ, ਬੀਬੀ ਜਤਿੰਦਰ ਕੌਰ ਆਦਿ ਨੇ ਸੰਗਤਾਂ ਦੀ ਗੁਰਇਤਿਹਾਸ ਨਾਲ ਸਾਂਝ ਪਾਈ | ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਅਵਤਾਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਬਾਅਦ ਹੋਏ ਅੰਮਿ੍ਤ ਸੰਚਾਰ 'ਚ ਵੱਡੀ ਗਿਣਤੀ ਵਿਚ ਪ੍ਰਾਣੀ ਅੰਮਿ੍ਤ ਸੰਚਾਰ ਕਰਕੇ ਗੁਰੂ ਵਾਲੇ ਬਣੇ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਬਾਰੇ ਲੋਕਾਂ ਨੂੰ ਗੰਮਰਾਹ ਨਾ ਕਰੇ ਕੇਂਦਰ ਸਰਕਾਰ-ਮੁੱਖ ਮੰਤਰੀ <br/> ਅਗਲੀ ਖ਼ਬਰ 'ਅਜੀਤ' ਰਾਹਤ ਫੰਡ 'ਚੋਂ ਕਲਾਨੌਰ ਦੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ 1700 ਲੀਟਰ ਡੀਜ਼ਲ ਵੰਡਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।