ਜਲੰਧਰ, 5 ਨਵੰਬਰ (ਜਸਪਾਲ ਸਿੰਘ)-ਹਾਲ ਹੀ 'ਚ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕਰਨ ਵਾਲੀ ਹਿੰਦੀ ਤੇ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਤੇ ਅਨੁਵਾਦਕ ਸ੍ਰੀਮਤੀ ਚੰਦਨ ਨੇਗੀ ਦਾ ਰਾਤ ਡੇਢ ਵਜੇ ਦੇ ਕਰੀਬ ਦਿਹਾਂਤ ਹੋ ਗਿਆ, ਉਹ 89 ਸਾਲ ਦੇ ਸਨ ਤੇ ਦੋ ਕੁ ਦਿਨ ਤੋਂ ਬਿਮਾਰ ਚੱਲ ਰਹੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਮੌਕੇ ਸਾਹਿਤ ਜਗਤ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਮੈਡੀਕਲ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ | ਉਨ੍ਹਾਂ ਦੇ ਪਰਿਵਾਰ 'ਚ ਪਿੱਛੇ ਦੋ ਬੇਟੀਆਂ ਅਰਵਿੰਦਰ ਕੌਰ ਘਈ ਤੇ ਮਾਨਵੀ ਛਤਵਾਲ ਅਤੇ ਦਾਮਾਦ ਡਾ. ਉਪਿੰਦਰ ਸਿੰਘ ਘਈ ਤੋਂ ਇਲਾਵਾ ਡਾ. ਸੰਦਲੀ ਘਈ, ਡਾ. ਹਰਮਨਪ੍ਰੀਤ ਭੂਟਾਨੀ, ਡਾ. ਸੁਨੈਨਾ ਘਈ ਤੇ ਗੁਰਿੰਦਰ ਸਿੰਘ ਭਾਟੀਆ, ਮੰਨਤ ਛਤਵਾਲ, ਅੰਬਰ ਆਨੰਦ ਤੇ ਮਨੀਤ ਸਿੰਘ ਛਤਵਾਲ ਸਮੇਤ ਹੋਰ ਮੈਂਬਰ ਵੀ ਹਨ | ਇੱਥੇ ਦੱਸਣਯੋਗ ਹੈ ਕਿ ਅਨੇਕਾਂ ਮਾਣ-ਸਨਮਾਨ ਹਾਸਿਲ ਕਰਨ ਵਾਲੇ ਸ੍ਰੀਮਤੀ ਚੰਦਨ ਨੇਗੀ ਨੂੰ ਹਾਲ ਹੀ 'ਚ ਕੋਲਕਾਤਾ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਤਰਫੋਂ ਇਹ ਪੁਰਸਕਾਰ ਉਨ੍ਹਾਂ ਦੀ ਬੇਟੀ ਅਰਵਿੰਦਰ ਕੌਰ ਘਈ ਵਲੋਂ ਹਾਸਿਲ ਕੀਤਾ ਗਿਆ ਸੀ | ਉਨ੍ਹਾਂ ਨੂੰ ਇਹ ਪੁਰਸਕਾਰ ਹਿੰਦੀ ਦੇ ਪ੍ਰਸਿੱਧ ਲੇਖਕ ਹਿਮਾਂਸ਼ੂ ਜੋਸ਼ੀ ਦੇ ਨਾਵਲ 'ਤੁਮਹਾਰੇ ਲਿਏ' ਨੂੰ ਪੰਜਾਬੀ 'ਚ ਅਨੁਵਾਦ ਕਰਨ ਲਈ ਪ੍ਰਦਾਨ ਕੀਤਾ ਗਿਆ ਸੀ | ਸ੍ਰੀਮਤੀ ਚੰਦਨ ਨੇਗੀ ਦਾ ਜਨਮ 26 ਜੂਨ 1936 ਨੂੰ ਪੇਸ਼ਾਵਰ (ਪਾਕਿਸਤਾਨ) ਵਿਖੇ ਹੋਇਆ ਸੀ ਤੇ ਉਨ੍ਹਾਂ ਪੰਜਾਬੀ 'ਚ ਬੀ. ਏ. ਆਨਰਜ਼ ਤੱਕ ਦੀ ਪੜ੍ਹਾਈ ਕੀਤੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 9 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਜਲੰਧਰ ਵਿਖੇ ਹੋਵੇਗੀ |
ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਲੇਖਿਕਾ ਚੰਦਨ ਨੇਗੀ ਦਾ ਦਿਹਾਂਤ <br/>
ਅਜੀਤ ਡੈਸਕ
06-11-2025