ਜਲਾਲਾਬਾਦ (ਅਬੋਹਰ), 5 ਨਵੰਬਰ (ਕਰਨ ਚੁਚਰਾ)-ਪਿਛਲੇ ਸਾਲ ਪੰਚਾਇਤੀ ਚੋਣਾਂ ਦੌਰਾਨ ਜਲਾਲਾਬਾਦ ਦੇ ਬੀ.ਡੀ.ਪੀ.ਓ. ਦਫ਼ਤਰ ਵਿਖੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਪੁਲਿਸ ਨੇ ਲੋੜੀਂਦੇ ਅਕਾਲੀ ਆਗੂ ਵਰਦੇਵ ਸਿੰਘ ਨੌਨੀ ਮਾਨ ਨੂੰ ਬੀਤੀ ਰਾਤ ਗਿ੍ਫ਼ਤਾਰ ਕਰ ਲਿਆ ਹੈ | ਵਰਦੇਵ ਸਿੰਘ ਨੌਨੀ ਮਾਨ ਜੋ ਕਿ ਸਾਬਕਾ ਸੰਸਦ ਮੈਂਬਰ ਸਵ. ਜੋਰਾ ਸਿੰਘ ਮਾਨ ਦੇ ਸਪੁੱਤਰ ਹਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਗੁਰੂਹਰਸਹਾਏ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਨ | ਜਿਨ੍ਹਾਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ | ਇਸੇ ਹੀ ਮਾਮਲੇ ਵਿਚ ਇਨ੍ਹਾਂ ਦੇ ਛੋਟੇ ਭਰਾ ਨਰਦੇਵ ਸਿੰਘ ਬੌਬੀ ਮਾਨ ਪਹਿਲਾਂ ਹੀ ਹਿਰਾਸਤ ਵਿਚ ਹਨ | ਜਾਣਕਾਰੀ ਮੁਤਾਬਿਕ ਨਵੰਬਰ 2024 ਦੌਰਾਨ ਪੰਚਾਇਤੀ ਚੋਣਾਂ ਸਮੇਂ ਜਲਾਲਾਬਾਦ ਦੇ ਬੀ.ਡੀ.ਪੀ.ਓ. ਦਫ਼ਤਰ ਵਿਖੇ ਹੋਏ ਝਗੜੇ ਅਤੇ ਚਲੀਆਂ ਗੋਲੀਆਂ ਤੋਂ ਬਾਅਦ ਅਕਾਲੀ ਆਗੂ ਵਰਦੇਵ ਸਿੰਘ ਨੌਨੀ ਮਾਨ ਅਤੇ ਨਰਦੇਵ ਸਿੰਘ ਬੌਬੀ ਮਾਨ 'ਤੇ ਪਰਚਾ ਦਰਜ ਕੀਤਾ ਗਿਆ ਸੀ | ਜਿਸ ਵਿਚ ਨਰਦੇਵ ਸਿੰਘ ਬੌਬੀ ਮਾਨ ਤਾਂ ਪਹਿਲਾਂ ਹੀ ਗਿ੍ਫ਼ਤਾਰ ਹੋ ਚੁੱਕੇ ਸਨ | ਬੀਤੀ ਰਾਤ ਪੁਲਿਸ ਨੇ ਵਰਦੇਵ ਸਿੰਘ ਨੌਨੀ ਮਾਨ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰੀ ਤੋਂ ਬਾਅਦ ਅੱਜ ਉਨ੍ਹਾਂ ਨੂੰ ੂ ਜਲਾਲਾਬਾਦ ਦੇ ਐਸ.ਡੀ.ਜੇ.ਐਮ. ਸ੍ਰੀ ਅਰੁਣ ਗੁਪਤਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੇ ਪੁਲਿਸ ਵਲੋਂ ਉਨ੍ਹਾਂ ਦਾ 5 ਦਿਨਾਂ ਪੁਲਿਸ ਰਿਮਾਂਡ ਮੰਗਿਆ ਸੀ | ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਸ੍ਰੀ ਗੁਪਤਾ ਵਲੋਂ ਵਰਦੇਵ ਸਿੰਘ ਨੌਨੀ ਮਾਨ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਹੈ |