ਅੰਮਿ੍ਤਸਰ, 31 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਗੁਰਦੁਆਰਾ ਕਮੇਟੀ ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਭਲਕੇ 1 ਸਤੰਬਰ ਸੋਮਵਾਰ ਨੂੰ ਗੁਰੂ ਨਾਨਕ ਜੀ ਸੇਵਕ ਜਥਾ ਦੇ ਸਹਿਯੋਗ ਨਾਲ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਭਾਰੀ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ | ਸਵੇਰੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਦੇ ਉਪਰੰਤ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਗੁਰਦੁਆਰਾ ਪੱਟੀ ਸਾਹਿਬ ਤੇ ਗੁਰਦੁਆਰਾ ਬਾਲ ਲੀਲਾ ਤੋਂ ਆਰੰਭ ਹੋ ਕੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸੰਪੰਨ ਹੋਵੇਗਾ | ਇਸ ਮੌਕੇ ਸ੍ਰੀ ਨਨਕਾਣਾ ਸਾਹਿਬ ਦੇ ਗੁਰੂ ਨਾਨਕ ਜੀ ਪਬਲਿਕ ਸਕੂਲ ਦੇ ਸਿੱਖ ਵਿਦਿਆਰਥੀਆਂ ਵਲੋਂ ਗਤਕੇ ਦੇ ਜੌਹਰ ਵੀ ਵਿਖਾਏ ਜਾਣਗੇ | ਸ੍ਰੀ ਨਨਕਾਣਾ ਸਾਹਿਬ ਤੋਂ ਇਸ ਬਾਰੇ ਫ਼ੋਨ 'ਤੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਮਨਿੰਦਰ ਸਿੰਘ ਮਿੰਨੀ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ ਦੇ ਬੀਬੀ ਨਮਨਦੀਪ ਕੌਰ, ਹਰਚਰਨ ਕੌਰ, ਮਹਿਕਦੀਪ ਕੌਰ, ਕਮਲਦੀਪ ਕੌਰ, ਚਰਨਦੀਪ ਕੌਰ, ਇੰਦਰਜੀਤ ਕੌਰ, ਪਰਮਦੀਪ ਕੌਰ, ਪਿ੍ਤਪਾਲ ਕੌਰ, ਇਲਜੀਤ ਕੌਰ, ਭਾਈ ਜਗਜੀਤ ਸਿੰਘ ਅਤੇ ਪ੍ਰੋ. ਗੁਰਚਰਨ ਸਿੰਘ ਦੇ ਰਾਗੀ ਤੇ ਕੀਰਤਨੀ ਜਥਿਆਂ ਦੁਆਰਾ ਕੀਰਤਨ ਤੇ ਅਨੰਦ ਸਾਹਿਬ ਦੇ ਪਾਠ ਕੀਤੇ ਗਏ |
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਅੱਜ ਸਜਾਇਆ ਜਾਵੇਗਾ ਨਗਰ ਕੀਰਤਨ
ਅਜੀਤ ਡੈਸਕ
01-09-2025