ਫ਼ਾਜ਼ਿਲਕਾ, 31 ਅਗਸਤ (ਦਵਿੰਦਰ ਪਾਲ ਸਿੰਘ)- ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਨੂਰ ਸ਼ਾਹ ਨੇੜੇ ਚੰਦ ਭਾਨ ਡਰੇਨ ਦੇ ਕੋਲ ਹੜ ਪ੍ਰਭਾਵਿਤ ਲੋਕਾਂ ਨਾਲ ਮਿਲ ਕੇ ਆਪਣੇ ਹੱਥੀਂ ਰਾਹਤ ਸਮੱਗਰੀ ਵੰਡੀ ਤੇ ਉਨ੍ਹਾਂ ਦਾ ਹੌਸਲਾ ਵਧਾਇਆ | ਇਸ ਦੌਰੇ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਹਲਕੇ ਵਿਚ ਹੁਣ ਤੱਕ 70 ਲੱਖ ਰੁਪਏ ਤੋਂ ਵੱਧ ਦੀ ਰਾਹਤ ਸਮੱਗਰੀ ਵੰਡ ਚੁੱਕੀ ਹੈ, ਜਿਸ ਵਿਚ 4558 ਰਾਸ਼ਨ ਕਿੱਟਾਂ ਅਤੇ 2017 ਬੈਗ ਕੈਟਲ ਫੀਡ ਸ਼ਾਦਮਲ ਹਨ | ਡਾ. ਬਲਜੀਤ ਕੌਰ ਨੇ ਹੋਰ ਦੱਸਿਆ ਕਿ ਬਿਰਧ ਆਸ਼ਰਮ ਹੜ ਪੀੜਤ ਬਜ਼ੁਰਗਾਂ ਲਈ ਖੋਲ੍ਹੇ ਗਏ ਹਨ ਤੇ ਰਾਹਤ ਕੈਂਪਾਂ ਵਿਚ ਲੋਕਾਂ ਨੂੰ ਹਰ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ | ਦਿਵਿਆਂਗ ਜਨਾਂ ਨੂੰ ਖਾਸ ਤਰਜੀਹ ਦੇ ਆਧਾਰ 'ਤੇ ਸੁਰੱਖਿਅਤ ਥਾਵਾਂ 'ਤੇ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ | ਦੌਰੇ ਤੋਂ ਪਹਿਲਾਂ ਮੰਤਰੀ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਹੋਰ ਅਧਿਕਾਰੀਆਂ ਨਾਲ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ | ਪਿੰਡ ਨੂਰ ਸ਼ਾਹ ਦੇ ਦੌਰੇ ਦੌਰਾਨ ਡਾ. ਬਲਜੀਤ ਕੌਰ ਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਬੰਨ੍ਹ ਕਿਨਾਰੇ ਹੜ ਪੀੜਤ ਲੋਕਾਂ ਦੇ ਨਾਲ ਲੰਗਰ ਛਕਿਆ |
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਫਾਜ਼ਿਲਕਾ ਦਾ ਦੌਰਾ <br/>
ਅਜੀਤ ਡੈਸਕ
01-09-2025