ਫ਼ਤਹਿਗੜ੍ਹ ਸਾਹਿਬ, 31 ਅਗਸਤ (ਬਲਜਿੰਦਰ ਸਿੰਘ)-ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਅੱਜ ਪਾਰਟੀ ਦੇ ਸੀਨੀਅਰ ਆਗੂ ਅਮਰਇੰਦਰ ਸਿੰਘ ਲਿਬੜਾ ਦੇ ਯਤਨਾਂ ਸਦਕਾ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਫ਼ਤਹਿਗੜ੍ਹ ਸਾਹਿਬ ਤੋਂ ਰਾਹਤ ਸਮੱਗਰੀ ਦੇ 5 ਟਰੱਕਾਂ ਨੂੰ ਰਵਾਨਾ ਕੀਤਾ ਗਿਆ | ਇਸ ਰਾਹਤ ਸਮੱਗਰੀ ਵਿਚ ਪਸ਼ੂਆਂ ਲਈ ਚਾਰਾ, ਆਟਾ, ਦਾਲਾਂ, ਪਾਣੀ ਆਦਿ ਵਸਤੂਆਂ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਮੌਜੂਦਾ ਸੰਕਟਮਈ ਹਾਲਾਤਾਂ ਦੇ ਮੱਦੇਨਜ਼ਰ ਵਿਸ਼ੇਸ਼ ਆਰਥਿਕ ਪੈਕੇਜ਼ ਜਾਰੀ ਕਰੇ, ਕਿਉਂਕਿ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਲਈ ਮੁਸ਼ਕਿਲਾਂ ਹੋਰ ਵੱਧਣਗੀਆਂ | ਖੇਤਾਂ ਵਿਚ ਕਈ ਕਈ ਫੁੱਟ ਤੱਕ ਮਿੱਟੀ ਭਰ ਜਾਵੇਗੀ, ਜਿਸ ਦੀ ਚੁਕਾਈ ਲਈ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ | ਇਸ ਲਈ ਸਰਕਾਰਾਂ ਨੂੰ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਯਤਨ ਕਰਨੇ ਚਾਹੀਦੇ ਹਨ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੀ.ਬੀ.ਐਮ.ਬੀ. ਦਾ ਪ੍ਰਬੰਧ ਕੇਂਦਰ ਸਰਕਾਰ ਕੋਲ ਹੈ ਅਤੇ ਉਸ ਵਲੋਂ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੇਣ ਲਈ ਸਟੋਰ ਕਰਕੇ ਰੱਖਿਆ ਜਾਂਦਾ ਹੈ | ਜਦੋਂਕਿ 25 ਫੀਸਦੀ ਪਾਣੀ ਦਰਿਆਵਾਂ ਵਹਿੰਦਾ ਰਹਿਣਾ ਚਾਹੀਦਾ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਬਣਿਆ ਰਹਿੰਦਾ ਹੈ ਅਤੇ ਹੜ੍ਹਾਂ ਵਰਗੀ ਸਥਿਤੀ ਵੀ ਨਹੀਂ ਬਣਦੀ |
ਕੇਂਦਰ ਸਰਕਾਰ ਪੰਜਾਬ ਲਈ ਆਰਥਿਕ ਪੈਕੇਜ ਜਾਰੀ ਕਰੇ-ਗਿਆਨੀ ਹਰਪ੍ਰੀਤ ਸਿੰਘ
ਅਜੀਤ ਡੈਸਕ
01-09-2025