ਡੇਰਾ ਬਾਬਾ ਨਾਨਕ, 31 ਅਗਸਤ (ਹੀਰਾ ਸਿੰਘ ਮਾਂਗਟ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹਰ ਹਾਲਤ ਵਿਚ ਪੰਜਾਬੀਆਂ ਦੇ ਨਾਲ ਖੜ੍ਹੇ ਰਹਿਣ ਦੀ ਪੱਕੀ ਵਚਨਬੱਧਤਾ ਨੂੰ ਜ਼ਮੀਨੀ ਪੱਧਰ 'ਤੇ ਸਾਰਥਿਕ ਕਰਦੇ ਹੋਏ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਕਲਾਨੌਰ, ਪਿੰਡ ਮਛਰਾਲਾ, ਪੱਖੋਕੇ ਟਾਹਲੀ ਸਾਹਿਬ ਤੇ ਡੇਰਾ ਬਾਬਾ ਨਾਨਕ ਖੇਤਰ ਦੇ ਦੌਰੇ 'ਤੇ ਪਹੁੰਚੇ | ਇੱਥੇ ਉਨ੍ਹਾਂ ਨੇ ਨਾ ਸਿਰਫ਼ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ, ਸਗੋਂ ਇਨਸਾਨੀਅਤ ਦੀ ਸੇਵਾ ਵਿਚ ਇੱਕ ਨਿੱਜੀ ਉਦਾਹਰਨ ਪੇਸ਼ ਕਰਦੇ ਹੋਏ ਇੱਕ ਕਿਸਾਨ ਤੇ ਇੱਕ ਮਜ਼ਦੂਰ ਪਰਿਵਾਰ ਨੂੰ ਨਿੱਜੀ ਤੌਰ 'ਤੇ ਗੋਦ ਲੈਣ ਦਾ ਐਲਾਨ ਕੀਤਾ | ਉਹ ਦੋਵੇਂ ਪਰਿਵਾਰਾਂ ਦੇ ਬੈਂਕ ਖਾਤਿਆਂ ਵਿਚ ਇੱਕ-ਇੱਕ ਲੱਖ ਰੁਪਏ ਦੀ ਨਿੱਜੀ ਸਹਾਇਤਾ ਰਕਮ ਵੀ ਜਮ੍ਹਾ ਕਰਵਾਉਣਗੇ | ਸਿਹਤ ਮੰਤਰੀ ਨੇ ਸਰਕਾਰ ਦੇ ਰਾਹਤ ਕਾਰਜਾਂ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਭ ਤੋਂ ਪਹਿਲੀ ਤਰਜੀਹ ਬਚਾਅ ਕਾਰਜ ਹੈ, ਜਿਸਨੂੰ ਜੰਗੀ ਪੱਧਰ 'ਤੇ ਚਲਾਇਆ ਜਾ ਰਿਹਾ ਹੈ | ਸਿਹਤ ਵਿਭਾਗ ਦਆਂ ਟੀਮਾਂ ਰਾਹਤ ਕੈਂਪਾਂ ਵਿਚ 24 ਘੰਟੇ ਕੰਮ ਕਰ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇੰਡਿਅਨ ਮੈਡੀਕਲ ਐਸੋਸੀਏਸ਼ਨ ਨਾਲ ਮਿਲ ਕੇ 100 ਐਂਬੂਲੈਂਸਾਂ, ਪੈਰਾਮੈਡੀਕਲ ਸਟਾਫ ਤੇ ਦਵਾਈਆਂ ਉਪਲਬਧ ਕਰਵਾਉਣ ਬਾਰੇ ਵੀ ਗੱਲਬਾਤ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਹੋਰ ਡਾਕਟਰਾਂ ਅਤੇ ਐਨਆਰਆਈ ਸਾਥੀਆਂ ਨਾਲ ਵੀ ਇਸੇ ਤਰ੍ਹਾਂ ਦੀ ਮਦਦ ਲਈ ਗੱਲ ਕੀਤੀ ਹੈ ਅਤੇ ਆਮ ਲੋਕਾਂ ਨੂੰ ਵੀ ਇਸ ਸੰਕਟ ਦੀ ਘੜੀ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ |
ਸਿਹਤ ਮੰਤਰੀ ਵਲੋਂ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਅਜੀਤ ਡੈਸਕ
01-09-2025