ਅਜਨਾਲਾ, ਰਮਦਾਸ, ਗੱਗੋਮਾਹਲ, 31 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਜਸਵੰਤ ਸਿੰਘ ਵਾਹਲਾ/ਬਲਵਿੰਦਰ ਸਿੰਘ ਸੰਧੂ)-ਰਾਵੀ ਦਰਿਆ ਵਿਚ ਆਏ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਅੱਜ ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲ਼ੀਵਾਲ ਦੀ ਅਗਵਾਈ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਜਨਾਲਾ ਹਲਕੇ ਵਿਚ ਹੜ੍ਹ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨਾਲ ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਹਾਜ਼ਰ ਸਨ | ਕੈਬਨਿਟ ਮੰਤਰੀ ਅਮਨ ਅਰੋੜਾ, ਹਰਭਜਨ ਸਿੰਘ ਈ.ਟੀ.ਓ. ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਰਮਦਾਸ ਤੋਂ ਅੱਗੇ ਘੋਹਨੇਵਾਲ ਪਿੰਡ ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਹੈ, ਦਾ ਦੌਰਾ ਕੀਤਾ | ਵਰਦੇ ਮੀਂਹ ਵਿਚ ਟਰੈਕਟਰ ਉੱਤੇ ਚੜ੍ਹ ਕੇ ਘੋਹਨੇਵਾਲ ਪੁੱਜੇ ਕੈਬਨਿਟ ਮੰਤਰੀ ਹਲਕੇ ਵਿਚ ਹੜਾਂ ਨਾਲ ਹੋਏ ਨੁਕਸਾਨ ਨੂੰ ਵੇਖ ਕੇ ਭਾਵੁਕ ਹੋ ਗਏ | ਇਸ ਮੌਕੇ ਹਲਕਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕੁਦਰਤ ਨੇ ਜੋ ਨੁਕਸਾਨ ਇਸ ਵਾਰ ਕਰ ਦਿੱਤਾ ਹੈ, ਉਹ ਬਹੁਤ ਵੱਡਾ ਹੈ ਪਰ ਮੈਂ ਪੰਜਾਬ ਸਰਕਾਰ ਦੀ ਤਰਫੋਂ ਤੁਹਾਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ | ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ | ਉਨ੍ਹਾਂ ਨੇ ਲੋਕਾਂ ਦੀ ਮੰਗ ਉੱਤੇ ਇਹ ਵੀ ਕਿਹਾ ਕਿ ਹੜ੍ਹਾਂ ਤੋਂ ਬਾਅਦ ਧੁੱਸੀ ਨੂੰ ਬੰਨਣ ਮੌਕੇ ਵਿਭਾਗ ਦੇ ਅਧਿਕਾਰੀ ਸਥਾਨਕ ਨਿਵਾਸੀਆਂ ਨਾਲ ਮਸ਼ਵਰਾ ਕਰਕੇ ਅਜਿਹੀ ਯੋਜਨਾ ਬਣਾਉਣਗੇ ਤਾਂ ਜੋ ਭਵਿੱਖ ਵਿਚ ਇਹ ਪਾਣੀ ਲੋਕਾਂ ਲਈ ਮੁਸੀਬਤ ਨਾ ਬਣੇ | ਉਨ੍ਹਾਂ ਕਿਹਾ ਕਿ ਇੱਕ ਅੰਦਾਜੇ ਅਨੁਸਾਰ ਹੁਣ ਤੱਕ 30 ਹਜ਼ਾਰ ਏਕੜ ਦੇ ਕਰੀਬ ਫਸਲ ਨੁਕਸਾਨੀ ਗਈ ਹੈ ਤੇ ਸੈਂਕੜੇ ਘਰ ਤੇ ਮਸ਼ੀਨਰੀ ਪਾਣੀ ਨਾਲ ਤਬਾਹ ਹੋਏ ਹਨ | ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਹਾੜਾਂ 'ਤੇ ਪਏ ਭਾਰੀ ਮੀਂਹ ਕਾਰਨ ਹੋਏ ਇਸ ਨੁਕਸਾਨ ਲਈ ਲੋਕਾਂ ਨਾਲ ਹਮਦਰਦੀ ਜ਼ਾਹਿਰ ਕੀਤੀ | ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਈ.ਟੀ.ਓ ਦਾ ਅਜਨਾਲਾ ਵਾਸੀਆਂ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਇਸ ਹੜ੍ਹਾਂ ਕਾਰਨ 20 ਸਾਲ ਪਿੱਛੇ ਚਲੇ ਗਏ ਹਾਂ | ਉਨ੍ਹਾਂ ਕਿਹਾ ਕਿ ਹੁਣ ਸਾਨੂੰ ਤੁਹਾਡੇ ਸਾਥ ਦੀ ਇਹ ਲੋੜ ਹੈ ਕਿ ਹੜ੍ਹਾਂ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ ਕਰਕੇ ਸਾਨੂੰ ਮੁੜ ਪੈਰਾਂ ਸਿਰ ਕਰਨ ਲਈ ਜ਼ੋਰ ਲਗਾਓ, ਤਾਂ ਜੋ ਅਸੀਂ ਆਪਣੇ ਇਲਾਕੇ ਦਾ ਮੁਢਲਾ ਢਾਂਚਾ, ਜਿਸ ਵਿਚ ਸੜਕਾਂ, ਸਕੂਲ, ਹਸਪਤਾਲ, ਪੁੱਲ ਸ਼ਾਮਿਲ ਹਨ, ਦਾ ਦੁਬਾਰਾ ਨਿਰਮਾਣ ਕਰਵਾ ਸਕੀਏ | ਇਸ ਮੌਕੇ ਪਾਰਟੀ ਦੇ ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ, ਬਲਜਿੰਦਰ ਸਿੰਘ ਢਿੱਲੋਂ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, 'ਆਪ' ਸ਼ਹਿਰੀ ਪ੍ਰਧਾਨ ਅਮਿੱਤ ਔਲ, ਸਾਬਕਾ ਸਰਪੰਚ ਪਿ੍ਥੀਪਾਲ ਸਿੰਘ ਘੋਹਨੇਵਾਲਾ, ਸਰਪੰਚ ਧਨਵੰਤ ਸਿੰਘ ਧੰਨਾ, ਬਲਵਿੰਦਰ ਸਿੰਘ ਕਾਲਾ ਅਤੇ ਹੋਰ ਆਗੂ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਭਜਨ ਸਿੰਘ ਈ.ਟੀ.ਓ. ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੀ ਵੰਡੀ |
ਪੰਜਾਬ ਸਰਕਾਰ ਹੜ੍ਹਾਂ ਕਾਰਨ ਪੀੜਤ ਕਿਸਾਨਾਂ ਤੇ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇਗੀ-ਅਮਨ ਅਰੋੜਾ
ਅਜੀਤ ਡੈਸਕ
01-09-2025