ਅੰਮਿ੍ਤਸਰ, 31 ਅਗਸਤ (ਰੇਸ਼ਮ ਸਿੰਘ)-ਭਿ੍ਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਜੰਡਿਆਲਾ ਗੁਰੂ ਦੇ ਤਤਕਾਲੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਲਖਬੀਰ ਸਿੰਘ, ਜੋ ਇਸ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਵਿਖੇ ਤਾਇਨਾਤ ਹੈ ਤੇ ਗ੍ਰਾਮ ਪੰਚਾਇਤ ਗਹਿਰੀ ਮੰਡੀ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਨੂੰ 24 ਲੱਖ 69 ਹਜ਼ਾਰ 949 ਰੁਪਏ ਦੇ ਪੰਚਾਇਤੀ ਫੰਡਾਂ ਦੇ ਗਬਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ | ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਪਿੰਡ ਗਹਿਰੀ ਮੰਡੀ ਦੇ ਇੱਕ ਨਿਵਾਸੀ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ | ਇਸ ਉਪਰੰਤ ਵਿਜੀਲੈਂਸ ਬਿਊਰੋ ਦੀ ਇੱਕ ਤਕਨੀਕੀ ਟੀਮ ਨੇ ਸਾਲ 2013 ਤੋਂ 2017 ਤੱਕ ਉਕਤ ਗ੍ਰਾਮ ਪੰਚਾਇਤ ਨੂੰ ਪ੍ਰਾਪਤ ਵਿਕਾਸ ਫੰਡਾਂ ਵਿਚ ਹੇਰਫੇਰ ਸੰਬੰਧੀ ਜਾਂਚ ਕੀਤੀ | ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਸਮੇਂ ਦੌਰਾਨ, ਇਸ ਗ੍ਰਾਮ ਪੰਚਾਇਤ ਨੂੰ ਕੁੱਲ 49,21,658 ਰੁਪਏ ਦੇ ਫੰਡ ਪ੍ਰਾਪਤ ਹੋਏ ਤੇ ਇਨ੍ਹਾਂ ਵਿਚੋਂ ਸਿਰਫ 17,37,900 ਰੁਪਏ ਖਰਚ ਕੀਤੇ ਗਏ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਪੰਚ ਮਨਜਿੰਦਰ ਸਿੰਘ ਨੇ ਤਤਕਾਲੀ ਗ੍ਰਾਮ ਪੰਚਾਇਤ ਸਕੱਤਰ ਕਰਨਜੀਤ ਸਿੰਘ ਅਤੇ ਉਕਤ ਬੀ.ਡੀ.ਪੀ.ਓ. ਲਖਬੀਰ ਸਿੰਘ ਦੀ ਮਿਲੀਭੁਗਤ ਨਾਲ ਤੇ ਸਾਜ਼ਿਸ਼ ਤਹਿਤ 24,69,949 ਰੁਪਏ ਦੇ ਫੰਡਾਂ ਦਾ ਗਬਨ ਕੀਤਾ | ਉਕਤ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਅੰਮਿ੍ਤਸਰ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ |
ਫਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਦਾ ਬੀ.ਡੀ.ਪੀ.ਓ. ਤੇ ਗਹਿਰੀ ਦਾ ਸਾਬਕਾ ਸਰਪੰਚ ਗਿ੍ਫਤਾਰ
ਅਜੀਤ ਡੈਸਕ
01-09-2025