ਜਲੰਧਰ, 21 ਜੁਲਾਈ (ਸ਼ਿਵ)-ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਨੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਦੀ ਅਗਵਾਈ ਹੇਠ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੰਜਾਬ ਵਿਚ ਤੇਲ ਦੇ ਵੱਡੇ ਖਪਤਕਾਰਾਂ ਲਈ ਦੂਜੇ ਰਾਜਾਂ ਤੋਂ ਆ ਰਹੇ ਸਸਤੇ ਤੇਲ ਨੂੰ ਈ-ਵੇਅ ਬਿਲਿੰਗ ਵਿਚ ਲਿਆ ਕੇ ਐਂਟਰੀ ਟੈਕਸ ਲਗਾਉਣ ਦੀ ਮੰਗ ਕੀਤੀ ਹੈ | ਵਿੱਤ ਮੰਤਰੀ ਨੂੰ ਮਿਲਣ ਵਾਲਿਆਂ ਵਿਚ ਬੁਲਾਰੇ ਮੌਂਟੀ ਸਹਿਗਲ ਤੋਂ ਇਲਾਵਾ ਅਸ਼ੀਸ਼ ਗਰਗ, ਰਾਜ ਕੁਮਾਰ ਸ਼ਰਮਾ ਸ਼ਾਮਿਲ ਸਨ | ਇਸ ਮੌਕੇ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਦੱਸਿਆ ਕਿ ਕਈ ਕੰਪਨੀਆਂ ਗੁਆਂਢੀ ਰਾਜਾਂ ਤੋਂ ਬਿਲਿੰਗ ਕਰਕੇ ਸਿੱਧੇ ਹੀ ਪੰਜਾਬ ਦੇ ਵੱਡੇ ਖਪਤਕਾਰਾਂ ਨੂੰ ਤੇਲ ਭੇਜ ਰਹੀਆਂ ਹਨ | ਇਸ ਤੇਲ ਦੇ ਪੰਜਾਬ ਵਿਚ ਆਉਣ ਨਾਲ ਨਾ ਤਾਂ ਸਰਕਾਰ ਨੂੰ ਬਣਦਾ ਟੈਕਸ ਮਿਲ ਰਿਹਾ ਹੈ ਸਗੋਂ ਨਾ ਹੀ ਇਸ ਦਾ ਫ਼ਾਇਦਾ ਡੀਲਰਾਂ ਨੂੰ ਹੋ ਰਿਹਾ ਹੈ | ਪੰਜਾਬ ਵਿਚ ਤੇਲ ਦੀਆਂ ਕੀਮਤਾਂ ਜ਼ਿਆਦਾ ਹੋਣ ਕਰਕੇ ਵੱਡੇ ਖਪਤਕਾਰ ਗੁਆਂਢੀ ਰਾਜਾਂ ਤੋਂ ਤੇਲ ਕੰਪਨੀਆਂ ਤੋਂ ਸਿੱਧੇ ਹੀ ਤੇਲ ਮੰਗਵਾਉਂਦੇ ਹਨ ਤਾਂ ਇਸ ਨਾਲ ਹੋ ਰਹੇ ਭਾਰੀ ਵਿੱਤੀ ਨੁਕਸਾਨ ਨੂੰ ਰੋਕਿਆ ਜਾਣਾ ਚਾਹੀਦਾ ਹੈ | ਐਸੋਸੀਏਸ਼ਨ ਆਗੂਆਂ ਨੇ ਸ. ਚੀਮਾ ਨੂੰ ਦੱਸਿਆ ਕਿ ਜੇਕਰ ਦੂਜੇ ਰਾਜਾਂ ਤੋਂ ਬਿਲਿੰਗ ਹੋ ਕੇ ਆਉਂਦੇ ਸਸਤੇ ਤੇਲ ਨੂੰ ਈ-ਵੇਅ ਬਿਲਿੰਗ ਵਿਚ ਸ਼ਾਮਿਲ ਕਰ ਲਿਆ ਜਾਵੇ ਤਾਂ ਇਸ ਨਾਲ ਹੀ ਪੰਜਾਬ ਸਰਕਾਰ ਨੂੰ 200 ਕਰੋੜ ਰੁਪਏ ਦਾ ਮਾਲੀਆ ਫ਼ੌਰਨ ਆਉਣਾ ਸ਼ੁਰੂ ਹੋ ਜਾਵੇਗਾ | ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਵਿੱਤ ਮੰਤਰੀ ਨੂੰ ਦੱਸਿਆ ਕਿ ਪੰਜਾਬ, ਜੰਮੂ ਤੇ ਹਿਮਾਚਲ ਪ੍ਰਦੇਸ਼ ਸੂਬਿਆਂ ਤੋਂ ਅਲੱਗ-ਅਲੱਗ ਐਂਟਰੀ ਪੁਆਇੰਟਾਂ ਤੋਂ ਵੀ ਤੇਲ ਪੰਜਾਬ ਵਿਚ ਆ ਰਿਹਾ ਹੈ ਜਿਸ ਨਾਲ ਇਸ ਕਾਰੋਬਾਰ ਅਤੇ ਸਰਕਾਰ ਦੇ ਖ਼ਜ਼ਾਨੇ ਨੂੰ ਨੁਕਸਾਨ ਪੁੱਜ ਰਿਹਾ ਹੈ | ਇਸ ਨੂੰ ਬੰਦ ਕਰਵਾਉਣ ਲਈ ਸਰਕਾਰ ਤੋਂ ਦਖ਼ਲ ਦੀ ਮੰਗ ਕੀਤੀ ਗਈ |
ਦੂਜੇ ਰਾਜਾਂ ਤੋਂ ਆਉਂਦੇ ਸਸਤੇ ਤੇਲ 'ਤੇ ਐਂਟਰੀ ਟੈਕਸ ਲਗਾਉਣ ਦੀ ਮੰਗ <br/>
ਅਜੀਤ ਡੈਸਕ
22-07-2025