ਅੰਮਿ੍ਤਸਰ, 21 ਜੁਲਾਈ (ਸੁਰਿੰਦਰ ਕੋਛੜ)-ਸਥਾਨਕ ਆਬਾਦੀ ਕਟੜਾ ਸ਼ੇਰ ਸਿੰਘ ਦੇ ਨਾਲ ਲਗਦੀ ਗਾਗਰ ਮੱਲ ਰੋਡ ਦੇ ਜਿਸ ਘਰ 'ਚ ਡਾ. ਸਾਹਿਬ ਦਿੱਤਾ ਮਲ ਦੇ ਘਰ ਮਦਨ ਲਾਲ ਢੀਂਗਰਾ (ਸ਼ਹੀਦ) ਦਾ ਜਨਮ ਹੋਇਆ, ਨਾ ਤਾਂ ਸਰਕਾਰ ਉਸ ਘਰ ਨੂੰ ਜ਼ਮੀਨਦੋਜ਼ ਕੀਤੇ ਜਾਣ ਤੋਂ ਬਚਾਅ ਸਕੀ ਅਤੇ ਨਾ ਹੀ ਜੀ. ਟੀ. ਰੋਡ 'ਤੇ ਮਾਲ ਮੰਡੀ 'ਚ ਉਨ੍ਹਾਂ ਦੀ ਅੰਤਿਮ ਯਾਦਗਾਰ ਦੇ ਰੂਪ 'ਚ ਮੌਜੂਦ ਸਮਾਧ ਨੂੰ ਹੀ ਮਾਨਤਾ ਦਿੱਤੀ ਜਾ ਸਕੀ ਹੈ | ਸੰਬੰੰਧਿਤ ਵਿਭਾਗਾਂ ਦੀ ਅਣਗਹਿਲੀ ਕਰਕੇ ਇਸ ਸਮਾਧੀ ਸਮਾਰਕ ਦੇ ਅੰਦਰ-ਬਾਹਰ ਚੁਫੇਰੇ ਜਿੱਥੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਉਥੇ ਹੀ ਇਹ ਸਥਾਨ ਨਸ਼ੇੜੀਆਂ ਤੇ ਭਿਖਾਰੀਆਂ ਦਾ ਅੱਡਾ ਵੀ ਬਣਦਾ ਜਾ ਰਿਹਾ ਹੈ | ਇਥੇ ਉੱਗੀਆਂ ਉੱਚੀਆਂ ਜੰਗਲੀ ਝਾੜੀਆਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਰਹੀਆਂ ਹਨ | ਦੱਸਣਯੋਗ ਹੈ ਕਿ 1 ਜੁਲਾਈ 1909 ਨੂੰ 'ਦੀ ਨੈਸ਼ਨਲ ਇੰਡੀਅਨ ਐਸੋਸੀਏਸ਼ਨ' ਦੇ ਸਾਲਾਨਾ ਸਮਾਗਮ ਦੌਰਾਨ ਲੰਡਨ ਦੇ ਇੰਮਪੀਰੀਅਲ ਇੰਸਟੀਚਿਊਟ ਦੇ ਜਹਾਂਗੀਰ ਹਾਲ 'ਚ ਸਰ ਕਰਜਨ ਵਾਇਲੀ (ਸੈਕਟਰੀ ਆਫ਼ ਸਟੇਟ ਦੇ ਐਡ-ਡੀ-ਕਾਪ) ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ 'ਚ ਢੀਂਗਰਾ ਨੂੰ 17 ਅਗਸਤ 1909 ਨੂੰ ਉੱਥੋਂ ਦੀ ਪੈਂਟੋਨਵਿਲੇ ਜੇਲ੍ਹ 'ਚ ਫਾਂਸੀ ਦਿੱਤੀ ਗਈ ਸੀ | ਉਨ੍ਹਾਂ ਦੀ ਸ਼ਹਾਦਤ ਦੇ 67 ਵਰ੍ਹੇ ਬਾਅਦ 13 ਦਸੰਬਰ 1976 ਨੂੰ ਉਨ੍ਹਾਂ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤੀ ਹਾਈ ਕਮਿਸ਼ਨਰ ਦੀ ਮਾਰਫ਼ਤ ਭਾਰਤ ਮੰਗਵਾਈਆਂ ਗਈਆਂ ਅਤੇ 20 ਦਸੰਬਰ ਨੂੰ ਸ਼ਹੀਦ ਦੀ ਜਨਮ ਭੂਮੀ ਅੰਮਿ੍ਤਸਰ ਪਹੁੰਚਣ 'ਤੇ ਸਥਾਨਕ ਜੀ. ਟੀ. ਰੋਡ 'ਤੇ ਮਾਲ ਮੰਡੀ ਦੇ ਪਾਸ ਉਨ੍ਹਾਂ ਦਾ ਹਿੰਦੂ ਵਿਧੀ ਮੁਤਾਬਿਕ ਸੰਸਕਾਰ ਕੀਤਾ ਗਿਆ | ਉਸੇ ਦੌਰਾਨ ਸਸਕਾਰ ਵਾਲੇ ਸਥਾਨ 'ਤੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵਲੋਂ ਸ਼ਹੀਦ ਢੀਂਗਰਾ ਦੀ ਸਮਾਧ ਤੇ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ, ਜੋ ਅੱਜ 49 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਮੁਕੰਮਲ ਨਹੀਂ ਹੋ ਸਕਿਆ ਹੈ ਪਰ ਉੱਥੇ ਸ਼ਹੀਦ ਦਾ ਬੁੱਤ ਜ਼ਰੂਰ ਲਗਾ ਦਿੱਤਾ ਗਿਆ ਹੈ |
ਸ਼ਹਾਦਤ ਦੇ 116 ਵਰ੍ਹੇ ਬਾਅਦ ਵੀ ਸ਼ਹੀਦ ਢੀਂਗਰਾ ਦੀ ਅੰਤਿਮ ਯਾਦਗਾਰ ਨੂੰ ਨਹੀਂ ਮਿਲ ਸਕੀ ਮਾਨਤਾ <br/>
ਅਜੀਤ ਡੈਸਕ
22-07-2025