ਐਨ.ਆਰ.ਆਈ. ਦੇ ਘਰ ਦੇ ਗੇਟ 'ਤੇ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ
ਅਜੀਤ ਡੈਸਕ
22-07-2025
ਘੁਮਾਣ, 21 ਜੁਲਾਈ (ਬੰਮਰਾਹ)-ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਮਾੜੀ ਟਾਂਡਾ ਵਿਖੇ ਐਨ.ਆਰ.ਆਈ. ਅਤੇ ਆਮ ਆਦਮੀ ਪਾਰਟੀ ਦੇ ਐਨ.ਆਰ.ਆਈ. ਵਿੰਗ ਦੇ ਪ੍ਰਧਾਨ ਰੁਪਿੰਦਰ ਸਿੰਘ ਉਰਫ ਰੋਮੀ ਪੁੱਤਰ ਮਲਕੀਤ ਸਿੰਘ ਦੇ ਮਾੜੀ ਟਾਂਡਾ ਸਥਿਤ ਘਰ ਦੇ ਗੇਟ 'ਤੇ ਰਾਤ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ | ਥਾਣਾ ਘੁਮਾਣ ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਰੁਪਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਕੇ ਉਹ ਮਾੜੀ ਟਾਂਡਾ ਦਾ ਰਹਿਣ ਵਾਲਾ ਹੈ ਤੇ ਰੀਅਲ ਅਸਟੇਟ ਦਾ ਕੰਮ ਕਰਦਾ ਹੈ | ਉਹ ਆਪਣੇ ਕੰਮਕਾਰ ਸਬੰਧੀ ਘੁਮਾਣ ਤੇ ਬਟਾਲਾ ਗਿਆ ਸੀ ਕਿ ਬੀਤੀ ਰਾਤ ਸਵਾ 11 ਵਜੇ ਘਰ ਵਾਪਸ ਆ ਗਿਆ | ਰਾਤ ਕਰੀਬ 12:40 'ਤੇ ਇਕ ਖੜਾਕੇ ਦੀ ਆਵਾਜ਼ ਆਈ ਤੇ ਪਰ ਬਾਹਰ ਜਾ ਕੇ ਦੇਖਣ 'ਤੇ ਕੁੱਝ ਨਹੀਂ ਪਤਾ ਲੱਗਾ | ਜਦ ਸਵੇਰੇ ਉੱਠ ਕੇ ਦੇਖਿਆ ਤਾਂ ਮੇਰੇ ਘਰ ਦੇ ਗੇਟ ਅੱਗੇ ਦੋ ਗੋਲੀਆਂ ਦੇ ਖੋਲ ਪਏ ਸਨ ਤੇ ਗੇਟ 'ਚ ਗੋਲੀਆਂ ਵੱਜੀਆਂ ਸਨ | ਸਵੇਰੇ ਕਰੀਬ 6:50 'ਤੇ ਇਕ ਬਾਹਰ ਦੇ ਨੰਬਰ ਤੋਂ ਕਾਲ ਆਈ, ਜਿਸ 'ਤੇ ਫੋਨ ਕਰਨ ਵਾਲੇ ਨੇ ਮੈਨੂੰ ਕਿਹਾ ਕਿ ਤੈਨੂੰ ਸਰਪ੍ਰਾਈਜ਼ ਮਿਲ ਗਿਆ ਹੈ | ਮੈਨੂੰ 50 ਲੱਖ ਰੁਪਏ ਦੇ-ਦੇ, ਜੇਕਰ ਨਹੀਂ ਦਿੱਤੇ ਤਾਂ ਤੈਨੂੰ ਗੋਲੀ ਮਾਰ ਕੇ ਮਾਰ ਦੇਵਾਂਗੇ | ਉਨ੍ਹਾਂ ਕਿਹਾ ਕਿ ਰੁਪਿੰਦਰ ਸਿੰਘ ਦੇ ਬਿਆਨ ਦਰਜ ਕਰ ਕੇ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ |