ਫ਼ਾਜ਼ਿਲਕਾ, 20 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ 'ਚ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਸਾਦਕੀ ਬਾਰਡਰ 'ਤੇ 200 ਫੁੱਟ ਉੱਚਾ ਕੌਮੀ ਝੰਡਾ ਲਗਾਇਆ ਜਾ ਰਿਹਾ ਹੈ | ਜਿਸ ਦਾ ਕੰਮ ਹੁਣ ਸ਼ੁਰੂ ਹੋ ਗਿਆ ਹੈ ਤੇ 15 ਅਗਸਤ ਨੂੰ ਇਸਦਾ ਉਦਘਾਟਨ ਕੀਤਾ ਜਾਵੇਗਾ | ਇਹ ਕੌਮੀ ਝੰਡਾ ਪਾਕਿਸਤਾਨ ਦੇ ਕੌਮੀ ਝੰਡੇ ਤੋਂ ਤਕਰੀਬਨ 20 ਮੀਟਰ ਉੱਚਾ ਦੱਸਿਆ ਜਾ ਰਿਹਾ ਹੈ | ਇਸ ਝੰਡੇ ਨੂੰ 4 ਤੋਂ 5 ਕਿੱਲੋਮੀਟਰ ਦੀ ਦੂਰੀ ਤੋਂ ਹੀ ਦੇਖਿਆ ਜਾ ਸਕੇਗਾ | ਦੱਸਿਆ ਜਾ ਰਿਹਾ ਹੈ ਕਿ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਪਿਛਲੇ ਸਾਲ 15 ਅਗਸਤ ਨੂੰ ਲੋਕਾਂ ਨੂੰ ਪਾਕਿਸਤਾਨ ਤੋਂ ਉੱਚਾ ਝੰਡਾ ਲਗਾਉਣ ਦਾ ਵਾਅਦਾ ਕੀਤਾ ਸੀ | ਜਿਸ ਨੂੰ ਲੈ ਕੇ ਵਿਧਾਇਕ ਨੇ 26 ਜਨਵਰੀ 2025 ਨੂੰ ਇਸਦਾ ਨੀਂਹ ਪੱਥਰ ਸਾਦਕੀ ਬਾਰਡਰ 'ਤੇ ਰੱਖਿਆ ਸੀ | 6 ਮਹੀਨਿਆਂ ਦੇ ਵਿਚ-ਵਿਚ ਹੀ ਇਸ ਕੌਮੀ ਝੰਡੇ ਨੂੰ ਲਗਾਉਣ ਦਾ ਕੰਮ ਪੂਰਾ ਕਰ ਲਿਆ ਗਿਆ | ਪੰਚਾਇਤ ਰਾਜ ਦੇ ਐੱਸ.ਡੀ.ਓ. ਹਰਮੀਤ ਸਿੰਘ ਨੇ ਦੱਸਿਆ ਕਿ ਇਹ 60 ਮੀਟਰ ਲੰਬਾ ਝੰਡਾ ਹੈ | ਜਿਸ ਦੀ ਲੰਬਾਈ 200 ਫੁੱਟ ਬਣਦੀ ਹੈ | ਝੰਡਾ ਲਗਾਉਣ ਦਾ ਕੰਮ ਬਜਾਜ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ | ਇਸ ਝੰਡੇ ਦੀ ਲੰਬਾਈ ਪਾਕਿਸਤਾਨ ਦੇ ਝੰਡੇ ਤੋਂ ਤਕਰੀਬਨ 20 ਮੀਟਰ ਉੱਚੀ ਹੈ | ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਤੇ ਬੀ.ਐੱਸ.ਐੱਫ. ਸਹਿਯੋਗੀ ਲੀਲਾਧਰ ਸ਼ਰਮਾ ਨੇ ਦੱਸਿਆ ਕਿ 5 ਫਰਵਰੀ 2018 ਨੂੰ ਪਾਕਿਸਤਾਨ ਵਲੋਂ ਸਰਹੱਦ 'ਤੇ ਇੱਕ ਪ੍ਰੋਗਰਾਮ ਕਰਕੇ ਆਪਣਾ ਲਗਭਗ 140 ਫੁੱਟ ਉੱਚਾ ਕੌਮੀ ਝੰਡਾ ਲਗਾਇਆ ਗਿਆ ਸੀ |
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਲੱਗੇਗਾ 200 ਫੁੱਟ ਉੱਚਾ ਕੌਮੀ ਝੰਡਾ
ਅਜੀਤ ਡੈਸਕ
21-07-2025