ਨਵਾਂ ਪਿੰਡ (ਅੰਮਿ੍ਤਸਰ), 19 ਜੁਲਾਈ (ਜਸਪਾਲ ਸਿੰਘ)-ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ 'ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ, ਮਹਿਤਾ ਰੋਡ, ਵੱਲ੍ਹਾ (ਅੰਮਿ੍ਤਸਰ) ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 20 ਸਾਲਾਂ ਤੋਂ ਬਿਮਾਰੀ ਨਾਲ ਜੂਝ ਰਹੇ ਮਰੀਜ਼ ਦਾ ਸਫਲਤਾਪੂਰਵਕ ਇਲਾਜ ਕਰਕੇ ਉਸ ਨੂੰ ਨਵਾਂ ਜੀਵਨ ਦਾਨ ਦਿੱਤਾ | ਇਸ ਸੰਬੰਧੀ ਡਾ: ਏ. ਪੀ. ਸਿੰਘ ਡੀਨ ਐਸ.ਜੀ.ਆਰ.ਡੀ.ਯੂ., (ਵੱਲ੍ਹਾ) ਅੰਮਿ੍ਤਸਰ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦਾ ਜਲਾਲਾਬਾਦ, ਗੋਬਿੰਦ ਨਗਰੀ ਦੇ 34 ਸਾਲਾ ਜਸਪਾਲ ਸਿੰਘ ਪਿਛਲੇ 20 ਸਾਲਾਂ ਤੋਂ ਲਗਾਤਾਰ ਖੰਘ ਤੇ ਬਲਗਮ ਤੋਂ ਪੀੜਤ ਹੋਣ ਤੋਂ ਬਾਅਦ ਇਸ ਹਸਪਤਾਲ ਵਿਖੇ ਇਲਾਜ ਲਈ ਆਇਆ | ਲੰਬੇ ਸਮੇਂ ਤੋਂ ਚੱਲ ਰਹੇ ਇਨ੍ਹਾਂ ਲੱਛਣਾਂ ਤੋਂ ਇਲਾਵਾ ਉਸ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਬੁਖਾਰ ਤੇ ਸਾਹ ਲੈਣ 'ਚ ਤਕਲੀਫ਼ ਆ ਰਹੀ ਸੀ, ਜਿਸ ਦਾ ਮੁੱਖ ਕਾਰਨ ਉਸਦੀ 14 ਸਾਲ ਦੀ ਉਮਰ ਦੀ ਇੱਕ ਘਟਨਾ ਸੀ, ਜਿਸ 'ਚ ਉਸ ਨੇ ਗਲਤੀ ਨਾਲ ਪਲਾਸਟਿਕ ਦੀ ਸੀਟੀ ਸਾਹ ਰਾਹੀਂ ਅੰਦਰ ਨਿਗਲ ਲਈ ਸੀ | ਜ਼ਿਕਰਯੋਗ ਹੈ ਕਿ ਹੁਣ ਮਰੀਜ਼ ਦੀ ਉਮਰ 34 ਸਾਲ ਦੀ ਹੈ, ਪਰ ਵਲੋਂ ਵੱਖ-ਵੱਖ ਹਸਪਤਾਲਾਂ ਤੋਂ ਇਲਾਜ ਕਰਵਾਉਣ ਤੇ ਸੀਟੀ ਬਾਰੇ ਨਾ ਪਤਾ ਲੱਗਣ ਕਾਰਨ ਮਰੀਜ਼ ਦੀ ਹਾਲਤ ਹੋਰ ਵਿਗੜ ਗਈ | ਮਰੀਜ਼ ਦੇ ਕਿਸੇ ਜਾਣਕਾਰ ਨੇ ਉਸਦੇ ਪਰਿਵਾਰ ਨੂੰ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ, ਮਹਿਤਾ ਰੋਡ, ਵੱਲ੍ਹਾ (ਅੰਮਿ੍ਤਸਰ) ਵਿਖੇ ਇਲਾਜ ਕਰਵਾਉਣ ਬਾਰੇ ਸਲਾਹ ਦਿੱਤੀ | ਮਰੀਜ਼ ਵਲੋਂ ਜਦੋਂ ਏਥੇ ਡਾਕਟਰਾਂ ਨੂੰ ਦਿਖਾਇਆ ਗਿਆ ਤਾਂ ਹਸਪਤਾਲ 'ਚ ਮੌਜੂਦ ਅਤਿ-ਆਧੁਨਿਕ ਮਸ਼ੀਨਾਂ ਨਾਲ ਜਾਂਚ ਕਰਨ 'ਤੇ ਡਾਕਟਰਾਂ ਨੂੰ ਪਲਾਸਟਿਕ ਦੀ ਸੀਟੀ ਬਾਰੇ ਪਤਾ ਲੱਗਾ ਜੋਕਿ ਫੇਫੜਿਆਂ 'ਚ ਫਸੀ ਹੋਈ ਸੀ | ਡਾ. ਬੀ.ਸੀ. ਸਰੀਨ, ਪ੍ਰੋਫੈਸਰ ਤੇ ਮੁੱਖੀ, ਛਾਤੀ ਤੇ ਟੀ.ਬੀ. ਵਿਭਾਗ, ਦੀ ਅਗਵਾਈ ਵਿਚ ਡਾ. ਅਰਵਿੰਦਰ ਸਿੰਘ ਸੂਦ, ਡਾ. ਵਨੀਤਾ ਸਰੀਨ, ਡਾ. ਜਸਕਰਨ ਸਿੰਘ ਮਾਹਿਰ ਡਾਕਟਰਾਂ ਦੀ ਟੀਮ ਨੇ ਲੰਬੇ ਸਮੇਂ ਤੋਂ ਮਰੀਜ਼ ਦੀ ਸਾਹ ਪ੍ਰਣਾਲੀ 'ਚ ਫਸੀ ਹੋਈ ਸੀਟੀ ਨੂੰ ਅਤਿ-ਆਧੁਨਿਕ ਲਚਕਦਾਰ ਫਾਈਬਰੋਪਟਿਕ ਬ੍ਰੌਨਕੋਸਕੋਪ ਦੀ ਵਰਤੋਂ ਕਰਦੇ ਹੋਏ ਸਫਲਤਾਪੂਰਵਕ ਮਰੀਜ਼ ਦੇ ਸਰੀਰ 'ਚੋਂ ਕੱਢ ਦਿੱਤਾ, ਜਿਸ ਨਾਲ ਨਾ ਕੇਵਲ ਉਸ ਦੀ ਹਾਲਤ ਸਥਿਰ ਹੋ ਗਈ ਬਲਕਿ ਹਸਪਤਾਲ ਨੇ ਇੱਕ ਵਾਰ ਫਿਰ ਦੱਸ ਦਿੱਤਾ ਕਿ ਸਭ ਤੋਂ ਪੁਰਾਣੀ ਤੇ ਚੁਣੌਤੀਪੂਰਨ ਸਿਹਤ ਸਥਿਤੀਆਂ ਨੂੰ ਵੀ ਦਿ੍ੜਤਾ ਤੇ ਉੱਨਤ ਡਾਕਟਰੀ ਤਕਨੀਕਾਂ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਢੰਗ ਨਾਲ ਠੀਕ ਕੀਤਾ ਜਾ ਸਕਦਾ ਹੈ |