28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੰਜਾਬ ਫ਼ੂਡ ਕਮਿਸ਼ਨ ਸਕੂਲਾਂ ਤੇ ਆਂਗਣਵਾੜੀਆਂ 'ਚ ਪੋਸ਼ਣ ਗਾਰਡਨ ਸਥਾਪਤ ਕਰਵਾਏਗਾ-ਚੇਅਰਮੈਨ ਬਾਲ ਮੁਕੰਦ <br/>

ਅਜੀਤ ਡੈਸਕ 19-07-2025
ਐੱਸ. ਏ. ਐੱਸ. ਨਗਰ, 18 ਜੁਲਾਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਰਾਜ ਖੁਰਾਕ ਕਮਿਸ਼ਨ ਸੂਬੇ ਭਰ ਦੇ ਸਕੂਲਾਂ ਅਤੇ ਆਂਗਣਵਾੜੀਆਂ 'ਚ ਪੋਸ਼ਣ ਗਾਰਡਨ ਸਥਾਪਤ ਕਰਨ ਜਾ ਰਿਹਾ ਹੈ | ਇਹ ਪ੍ਰਗਟਾਵਾ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਮੁਹਾਲੀ ਵਿਖੇ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਰਾਜ ਬਾਗ਼ਬਾਨੀ ਵਿਭਾਗ ਦੇ ਸਹਿਯੋਗ ਨਾਲ ਇਕ ਲੰਬੇ ਸਮੇਂ ਦੀ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਨੂੰ ਰਾਜ ਸਰਕਾਰ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਮਿਲ ਗਈਆਂ ਹਨ | ਉਨ੍ਹਾਂ ਕਿਹਾ ਕਿ ਇਸ ਪਹਿਲ ਦੇ ਤਹਿਤ ਘੱਟੋ-ਘੱਟ 625 ਵਰਗ ਗਜ਼ ਖਾਲੀ ਥਾਂ ਵਾਲੇ ਸਕੂਲਾਂ ਅਤੇ ਆਂਗਣਵਾੜੀਆਂ 'ਚ ਪੋਸ਼ਣ ਗਾਰਡਨ ਸਥਾਪਤ ਕਰਨ ਨੂੰ ਤਰਜ਼ੀਹ ਦਿੱਤੀ ਜਾਵੇਗੀ | ਇਨ੍ਹਾਂ ਗਾਰਡਨਾਂ 'ਚ ਮੌਸਮੀ ਫ਼ਲ ਅਤੇ ਸਬਜ਼ੀਆਂ ਉਗਾਈਆਂ ਜਾਣਗੀਆਂ, ਜੋ ਸਕੂਲੀ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਸਕੀਮ ਦੇ ਹਿੱਸੇ ਵਜੋਂ ਅਤੇ ਆਂਗਣਵਾੜੀ ਦੇ ਬੱਚਿਆਂ ਨੂੰ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਦੇ ਹਿੱਸੇ ਵਜੋਂ ਪਰੋਸੇ ਜਾਣਗੇ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਅਧੀਨ ਆਉਣ ਵਾਲੀ ਹਰੇਕ ਸੰਸਥਾ ਨੂੰ ਕਮਿਸ਼ਨ ਦੀ ਹੈਲਪਲਾਈਨ ਅਤੇ ਸ਼ਿਕਾਇਤ ਨਿਵਾਰਣ ਨੰਬਰ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਹਦਾਇਤ ਦੀ ਪਾਲਣਾ ਨਾ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦਰਸ਼ਨਜੀਤ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਨੇ ਜ਼ਿਲ੍ਹਾ ਦੇ ਸਕੂਲਾਂ 'ਚ ਗ਼ੈਰ-ਸਟੀਲ ਭਾਂਡਿਆਂ ਨੂੰ ਸਟੀਲ ਵਾਲੇ ਭਾਂਡਿਆਂ ਨਾਲ ਬਦਲਣ ਲਈ 1.06 ਕਰੋੜ ਰੁਪਏ ਜਾਰੀ ਕੀਤੇ ਹਨ | ਮੀਟਿੰਗ 'ਚ ਡੀ. ਸੀ. ਕੋਮਲ ਮਿੱਤਲ, ਏ. ਡੀ. ਸੀ. ਸੋਨਮ ਚੌਧਰੀ, ਡੀ. ਐਫ. ਐਸ. ਸੀ. ਨਵਰੀਤ, ਐਮ. ਡੀ. ਮਾਰਕਫੈੱਡ ਨਵਿਤਾ ਰਾਣੀ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅੰਮਿ੍ਤ ਵੜਿੰਗ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਪਵਿੱਤਰ ਗ੍ਰੰਥਾਂ ਦਾ ਉਲੰਘਣ ਰੋਕੂ ਬਿੱਲ ਪੂਰੀ ਤਰ੍ਹਾਂ ਦਲਿਤ ਵਿਰੋਧੀ-ਡਾ. ਰਾਜੂ <br/> ਅਗਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਉਪ ਸਕੱਤਰ ਸੰਦੀਪ ਵਰਮਾ ਨੇ ਸੰਭਾਲਿਆ ਅਹੁਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।