ਨਵੀਂ ਦਿੱਲੀ, 17 ਜੁਲਾਈ (ਮਿਸਰਦੀਪ ਭਾਟੀਆ)-ਨੈਸ਼ਨਲ ਟੈਸਟਿੰਗ ਏਜੰਸੀ ਨੇ ਯੂ.ਜੀ.ਸੀ. ਨੈੱਟ ਜੂਨ 2025 ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ | ਐੱਨ.ਟੀ.ਏ. ਦੇ ਅਨੁਸਾਰ ਯੂ.ਜੀ.ਸੀ. ਨੈੱਟ ਦਾ ਨਤੀਜਾ 22 ਜੁਲਾਈ, ਬੁੱਧਵਾਰ ਨੂੰ ਜਾਰੀ ਕੀਤਾ ਜਾਵੇਗਾ | ਐੱਨ.ਟੀ.ਏ. ਨੇ ਇਹ ਜਾਣਕਾਰੀ 'ਐਕਸ' 'ਤੇ ਇਕ ਪੋਸਟ ਰਾਹੀਂ ਦਿੱਤੀ ਹੈ | ਇਸ ਪ੍ਰੀਖਿਆ ਵਿਚ ਸ਼ਾਮਿਲ ਹੋਏ ਉਮੀਦਵਾਰ ਨਤੀਜਾ ਜਾਰੀ ਹੋਣ ਤੋਂ ਬਾਅਦ ਅਧਿਕਾਰਤ ਵੈੱਬਸਾਈਟ 'ਤੇ ਆਪਣਾ ਨਤੀਜਾ ਦੇਖ ਸਕਦੇ ਹਨ | ਨਤੀਜਾ ਦੇਖਣ ਲਈ ਉਮੀਦਵਾਰਾਂ ਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਨੀ ਹੋਵੇਗੀ | ਐਨ.ਟੀ.ਏ. ਯੂ.ਜੀ.ਸੀ. ਨੈੱਟ ਨਤੀਜੇ ਦੇ ਨਾਲ-ਨਾਲ ਵਿਸ਼ੇ ਅਨੁਸਾਰ ਕੱਟਆਫ ਜਾਰੀ ਕਰੇਗਾ | ਜੇ.ਆਰ.ਐੱਫ. ਸਹਾਇਕ ਪ੍ਰੋਫੈਸਰ ਯੋਗਤਾ ਅਤੇ ਪੀ.ਐੱਚ.ਡੀ. ਲਈ ਯੋਗਤਾ ਪ੍ਰਾਪਤ ਕਰਨ ਲਈ ਕੱਟ ਆਫ ਵੱਖਰੇ ਤੌਰ 'ਤੇ ਜਾਰੀ ਕੀਤਾ ਜਾਵੇਗਾ | ਯੂ.ਜੀ.ਸੀ. ਨੈੱਟ ਜੂਨ 2025 ਦੀ ਪ੍ਰੀਖਿਆ 25 ਜੂਨ 2025 ਤੋਂ 29 ਜੂਨ 2025 ਤੱਕ ਲਈ ਗਈ ਸੀ |