ਅੰਮਿ੍ਤਸਰ, 17 ਜੁਲਾਈ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਭਿਆਨਕ ਮੀਂਹ ਅਤੇ ਹੜ੍ਹਾਂ ਕਾਰਨ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ | ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਪੰਜਾਬ 'ਚ ਪਿਛਲੇ 24 ਘੰਟਿਆਂ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ 300 ਵੱਧ ਜ਼ਖਮੀ ਹੋ ਗਏ | ਸਥਿਤੀ ਨੂੰ ਵੇਖਦੇ ਹੋਏ ਕਈ ਇਲਾਕਿਆਂ 'ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ | ਪੰਜਾਬ ਆਫ਼ਤ ਪ੍ਰਬੰਧਨ ਅਥਾਰਿਟੀ (ਪੀ. ਡੀ. ਐੱਮ. ਏ.) ਦੇ ਅਨੁਸਾਰ ਲਹਿੰਦੇ ਪੰਜਾਬ ਦੇ ਲਾਹੌਰ, ਚੱਕਵਾਲ, ਅਟਕ, ਓਕਾੜਾ, ਜਿਹਲਮ, ਖੁਸ਼ਾਬ, ਸਰਗੋਧਾ, ਗੁਜਰਾਤ, ਗੁਜਰਾਂਵਾਲਾ, ਫੈਸਲਾਬਾਦ, ਸਿਆਲਕੋਟ, ਮੰਡੀ ਬਹਾਓਦੀਨ ਆਦਿ ਜ਼ਿਲਿ੍ਹਆਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ | ਚੱਕਵਾਲ ਜ਼ਿਲ੍ਹੇ 'ਚ ਬੀਤੀ ਦੇਰ ਰਾਤ ਬੱਦਲ ਫਟਣ ਕਾਰਨ 10 ਘੰਟਿਆਂ 'ਚ 400 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਸ਼ਹਿਰ ਵਿਚ ਹੜ੍ਹ ਆ ਗਏ | ਪਾਕਿਸਤਾਨ ਮੌਸਮ ਵਿਭਾਗ (ਪੀ. ਐੱਮ. ਡੀ.) ਦੇ ਅਨੁਸਾਰ ਲਹਿੰਦੇ ਪੰਜਾਬ ਦੇ ਕਈ ਸ਼ਹਿਰਾਂ 'ਚ ਪਿਛਲੇ 24 ਘੰਟਿਆਂ 'ਚ 190 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ | ਉੱਧਰ, ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਿਹਾ ਕਿ ਅਸਧਾਰਨ ਮੀਂਹ ਅਤੇ ਹੜ੍ਹਾਂ ਕਾਰਨ ਲਹਿੰਦੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹਲਮ ਵਿਚ ਹੜ੍ਹ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ | ਉੱਥੋਂ ਦੇ ਸਥਾਨਕ ਅਧਿਕਾਰੀਆਂ ਦੇ ਅਨੁਸਾਰ ਹੁਣ ਤੱਕ 57 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ, ਅਤੇ 50 ਤੋਂ ਵੱਧ ਕਿਸ਼ਤੀਆਂ ਇਸ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ | ਜਦੋਂ ਕਿ 15,000 ਤੋਂ ਵੱਧ ਬਚਾਅ ਕਰਮਚਾਰੀ ਅਤੇ 800 ਕਿਸ਼ਤੀਆਂ ਹਾਈ ਅਲਰਟ 'ਤੇ ਹਨ | ਰਾਜਧਾਨੀ ਇਸਲਾਮਾਬਾਦ 'ਚ ਵੀ ਪ੍ਰਸ਼ਾਸਨ ਨੂੰ ਹਾਈ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ | ਕੈਪੀਟਲ ਡਿਵੈਲਪਮੈਂਟ ਅਥਾਰਿਟੀ (ਸੀ. ਡੀ. ਏ.) ਦੇ ਚੇਅਰਮੈਨ ਮੁਹੰਮਦ ਰੰਧਾਵਾ ਨੇ ਅਧਿਕਾਰੀਆਂ ਨੂੰ ਐਮਰਜੈਂਸੀ ਸਥਿਤੀਆਂ 'ਚ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ ਹਨ | ਪਾਕਿ ਦੀ ਨੈਸ਼ਨਲ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨ. ਡੀ. ਐੱਮ. ਏ.) ਨੇ ਅਗਲੇ 24 ਘੰਟਿਆਂ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ |
ਲਹਿੰਦੇ ਪੰਜਾਬ 'ਚ ਹੜ੍ਹਾਂ ਕਾਰਨ ਸਥਿਤੀ ਬਣੀ ਚਿੰਤਾਜਨਕ <br/>
ਅਜੀਤ ਡੈਸਕ
18-07-2025