ਅਵਤਾਰ ਸਿੰਘ ਸ਼ੇਰਗਿੱਲ ਜਸਪਾਲ ਸਿੰਘ
ਜਲੰਧਰ, 17 ਜੁਲਾਈ-ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਸਥਾਵਾਂ ਅੰਦਰ ਲਗਾਤਾਰ ਵੱਧ ਰਹੇ ਸਿਆਸੀ ਦਖਲ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਨਾ ਕੇਵਲ ਸਿੱਖ ਸੰਸਥਾਵਾਂ ਦੀ ਮਾਣ-ਮਰਿਆਦਾ ਨੂੰ ਹੀ ਵੱਡੀ ਪੱਧਰ 'ਤੇ ਢਾਅ ਲੱਗ ਰਹੀ ਹੈ, ਬਲਕਿ ਦੇਸ਼-ਵਿਦੇਸ਼ ਅੰਦਰ ਸਿੱਖਾਂ ਦਾ ਅਕਸ ਵੀ ਧੁੰਦਲਾ ਹੋ ਰਿਹਾ ਹੈ | ਹਾਲਾਤ ਅਜਿਹੇ ਬਣ ਗਏ ਹਨ ਕਿ ਕੌਮ ਪੂਰੀ ਤਰ੍ਹਾਂ ਨਾਲ ਧੜਿਆਂ ਅੰਦਰ ਵੰਡੀ ਗਈ ਹੈ ਤੇ ਧਾਰਮਿਕ ਆਗੂ ਵੀ ਇਕ ਦੂਸਰੇ ਖਿਲਾਫ 'ਤਲਵਾਰਾਂ' ਕੱਢੀ ਫਿਰਦੇ ਹਨ | ਦੂਸਰੇ ਪਾਸੇ ਸੂਬੇ ਦੀ ਮੌਜੂਦਾ ਧਾਰਮਿਕ ਤੇ ਸਿਆਸੀ ਲੀਡਰਸ਼ਿੱਪ ਆਪਣਾ ਵਿਸ਼ਵਾਸ ਪੂਰੀ ਤਰ੍ਹਾਂ ਨਾਲ ਗੁਆ ਚੁੱਕੀ ਹੈ ਤੇ ਲੋਕਾਂ ਨੂੰ ਉਨ੍ਹਾਂ ਉੱਪਰ ਕੋਈ ਵਿਸ਼ਵਾਸ ਨਹੀਂ ਰਿਹਾ | ਸਮੁੱਚੀ ਕੌਮ ਇਕ ਤਰ੍ਹਾਂ ਨਾਲ ਚੌਰਾਹੇ 'ਤੇ ਆ ਖੜ੍ਹੀ ਹੋਈ ਹੈ ਅਤੇ ਉਸ ਨੂੰ ਰਾਹ ਦਿਖਾਉਣ ਵਾਲਾ ਕੋਈ ਨਹੀਂ ਹੈ | ਇਹ ਪ੍ਰਗਟਾਵਾ ਉਨ੍ਹਾਂ ਅੱਜ ਇੱਥੇ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਪੈਦਾ ਹੋਏ ਸਿਆਸੀ ਤੇ ਧਾਰਮਿਕ ਲੀਡਰਸ਼ਿੱਪ ਖਲਾਅ ਨੂੰ ਪੂਰਨ ਲਈ ਇਸ ਸਮੇਂ ਪੰਜਾਬ ਨੂੰ ਸੁਹਿਰਦ ਤੇ ਪੰਥਪ੍ਰਸਤ ਅਜਿਹੀ ਲੀਡਰਸ਼ਿੱਪ ਦੀ ਲੋੜ ਹੈ, ਜੋ ਨਾ ਕੇਵਲ ਸਿਆਸੀ ਤੌਰ 'ਤੇ ਬਲਕਿ ਧਾਰਮਿਕ ਤੌਰ 'ਤੇ ਵੀ ਕੌਮ ਦੀ ਅਗਵਾਈ ਕਰਨ ਦੇ ਸਮਰੱਥ ਹੋਵੇ | ਉਨ੍ਹਾਂ ਕਿਹਾ ਕਿ ਅੱਜ ਕੌਮ 'ਤੇ ਹੋ ਰਹੇ ਚੌਤਰਫਾ ਹਮਲਿਆਂ ਨੂੰ ਰੋਕਣ ਤੇ ਪੰਥ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਪੰਥਕ ਏਕਤਾ ਸਮੇਂ ਦੀ ਲੋੜ ਹੈ ਤੇ ਖੇਰੂੰ-ਖੇਰੂੰ ਹੋ ਚੁੱਕੀ ਪੰਥਕ ਸ਼ਕਤੀ ਨੂੰ ਇਕਜੁੱਟ ਕਰਕੇ ਹੀ ਪੰਜਾਬ ਤੇ ਕੌਮ ਨੂੰ ਸੰਕਟ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ | ਇਸ ਮੌਕੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਧੜਿਆਂ 'ਚ ਵੰਡੇ ਜਾਣ ਸੰਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਸਿਧਾਂਤਾਂ ਤੋਂ ਪਿੱਛੇ ਹੱਟ ਜਾਣ ਕਾਰਨ ਹੀ ਅੱਜ ਡਿੱਕੇ-ਡੋਲੇ ਖਾ ਰਿਹਾ ਹੈ | ਅੱਜ ਵੀ ਜੇਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਲਾਂਭੇ ਹੋ ਜਾਂਦੇ ਹਨ ਤਾਂ ਪਾਰਟੀ ਮੁੜ ਇਕਜੁੱਟ ਹੋ ਸਕਦੀ ਹੈ | ਇਸ ਮੌਕੇ ਧੜਿਆਂ 'ਚ ਵੰਡੇ ਅਕਾਲੀ ਦਲ 'ਚੋਂ ਅਸਲੀ ਅਕਾਲੀ ਦਲ ਕਿਹੜਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਸਲੀ ਅਕਾਲੀ ਦਲ ਉਹ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਬਣਾਈ ਗਈ ਪੰਜ ਮੈਂਬਰੀ ਭਰਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਰਤੀ ਕਮੇਟੀ ਨੂੰ ਜਲਦ ਆਪਣੀ ਭਰਤੀ ਮੁਕੰਮਲ ਕਰਕੇ ਪੰਥ ਨੂੰ ਸਰਬ ਪ੍ਰਵਾਨਿਤ ਲੀਡਰਸ਼ਿਪ ਦਾ ਐਲਾਨ ਕਰਨਾ ਚਾਹੀਦਾ ਹੈ | ਹਾਲਾਂਕਿ ਇਸ ਦੀ ਅਗਵਾਈ ਤੇ ਉਨ੍ਹਾਂ ਦੇ ਆਪਣੇ ਨਾਂਅ ਦੀ ਚੱਲ ਰਹੀ ਚਰਚਾ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਦੌੜ ਵਿਚ ਸ਼ਾਮਿਲ ਨਹੀਂ ਹਨ ਪਰ ਅਕਾਲੀ ਦਲ ਦੀ ਵਾਗਡੋਰ ਕਿਸੇ ਪੰਥਕ ਸੋਚ ਵਾਲੇ ਤੇ ਸੁਲਝੇ ਹੋਏ ਆਗੂ ਦੇ ਹੱਥ ਸੌਂਪਣੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਹਾਲ ਹੀ 'ਚ ਭਰਤੀ ਕਮੇਟੀ ਵਲੋਂ ਐਨ. ਐਸ. ਏ. ਤਹਿਤ ਆਸਾਮ ਦੀ ਜੇਲ੍ਹ 'ਚ ਬੰਦ ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਪਰਿਵਾਰ ਨਾਲ ਕੀਤੀ ਗਈ ਮੀਟਿੰਗ ਬਾਰੇ ਕਿਹਾ ਕਿ ਭਰਤੀ ਕਮੇਟੀ ਦਾ ਕੰਮ ਭਰਤੀ ਤੱਕ ਸੀਮਤ ਹੋਣਾ ਚਾਹੀਦਾ ਹੈ ਤੇ ਗਠਜੋੜ ਸੰਬੰਧੀ ਫੈਸਲਾ ਨਵੀਂ ਲੀਡਰਸ਼ਿੱਪ 'ਤੇ ਛੱਡਣਾ ਚਾਹੀਦਾ ਹੈ | ਭਾਜਪਾ ਆਗੂਆਂ ਨਾਲ ਸੰਬੰਧਾਂ ਬਾਰੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਪੰਥ ਵਿਰੋਧੀ ਤਾਕਤਾਂ ਦਾ ਪ੍ਰਾਪੇਗੰਡਾ ਹੈ ਤੇ ਇਸ ਵਿਚ ਕੋਈ ਸੱਚਾਈ ਨਹੀਂ ਹੈ | ਇਸੇ ਤਰ੍ਹਾਂ ਸੂਬੇ ਅੰਦਰ ਵੱਧ ਰਹੇ ਧਰਮ ਪਰਿਵਰਤਨ ਦੇ ਵੱਧ ਰਹੇ ਮਾਮਲਿਆਂ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਕੇਵਲ ਧਰਮ ਪ੍ਰਚਾਰ ਲਹਿਰ ਨੂੰ ਹੋਰ ਤੇਜ਼ ਕਰਕੇ ਹੀ ਰੋਕਿਆ ਜਾ ਸਕਦਾ ਹੈ ਤੇ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਪਰਾਲੇ ਹੋਰ ਦੀ ਲੋੜ ਹੈ | ਗੈਂਗਸਟਰਵਾਦ ਤੇ ਨਸ਼ਿਆਂ ਦੀ ਭੇਟ ਚੜ੍ਹ ਰਹੀ ਸੂਬੇ ਦੀ ਜਵਾਨੀ ਬਾਰੇ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਗੈਂਗਸਟਰਵਾਦ ਤੇ ਨਸ਼ਿਆਂ ਨੂੰ ਸੂਬੇ ਲਈ ਸਰਾਪ ਦੱਸਦੇ ਹੋਏ ਕਿਹਾ ਕਿ ਜਦੋਂ ਤੱਕ ਨੌਜਵਾਨਾਂ ਲਈ ਰੋਜ਼ਗਾਰ ਦੇ ਪ੍ਰਬੰਧ ਨਹੀਂ ਕੀਤੇ ਜਾਂਦੇ ਤਦ ਤੱਕ ਉਹ ਇਸੇ ਤਰ੍ਹਾਂ ਭਟਕਦੇ ਰਹਿਣਗੇ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦੀ ਲੋੜ ਹੈ | ਇਸ ਮੌਕੇ ਕਿਸਾਨੀ ਮੁੱਦਿਆਂ 'ਤੇ ਗੱਲ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਸਰਕਾਰ ਖੇਤੀ ਸੰਬੰਧੀ ਆਪਣੀ ਕੋਈ ਨੀਤੀ ਹੀ ਨਹੀਂ ਬਣਾ ਸਕੀ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਵੀ ਸਰਕਾਰਾਂ ਨਵੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਨਹੀਂ ਪਹੁੰਚਾ ਸਕੀਆਂ, ਜਦਕਿ ਇਸ ਮਾਮਲੇ 'ਚ ਹਰਿਆਣਾ ਸਰਕਾਰ ਕਿਤੇ ਅੱਗੇ ਹੈ | ਇਸ ਮੌਕੇ ਉਨ੍ਹਾਂ ਧਰਤੀ ਹੇਠਲੇ ਪਾਣੀ ਦੇ ਸੰਕਟ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਬਾਹਰ ਕੱਢਣ ਲਈ ਸਰਕਾਰਾਂ ਨੂੰ ਠੋਸ ਨੀਤੀ ਬਣਾਉਣੀ ਚਾਹੀਦੀ ਹੈ |
ਪੰਜਾਬ ਅੰਦਰ ਸਿਆਸੀ ਤੇ ਧਾਰਮਿਕ ਲੀਡਰਸ਼ਿਪ ਦਾ ਵੱਡਾ ਖਲਾਅ-ਗਿਆਨੀ ਹਰਪ੍ਰੀਤ ਸਿੰਘ <br/>
ਅਜੀਤ ਡੈਸਕ
18-07-2025