ਢਾਕਾ, 16 ਜੁਲਾਈ (ਏਜੰਸੀ)-ਮੀਡੀਆ ਰਿਪੋਰਟਾਂ ਅਨੁਸਾਰ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਜੱਦੀ ਸ਼ਹਿਰ ਗੋਪਾਲਗੰਜ ਕਸਬੇ 'ਚ ਨੈਸ਼ਨਲ ਸਿਟੀਜ਼ਨ ਪਾਰਟੀ (ਐਨ.ਸੀ.ਪੀ.) ਦੀ ਰੈਲੀ ਦੌਰਾਨ ਹੋਈਆਂ ਝੜਪਾਂ 'ਚ ਚਾਰ ਲੋਕ ਮਾਰੇ ਗਏ | ਸੂਤਰਾਂ ਅਨੁਸਾਰ ਵਿਦਿਆਰਥੀ-ਅਗਵਾਈ ਵਾਲੀ ਐਨ.ਸੀ.ਪੀ. ਦੇ ਯੋਜਨਾਬੱਧ ਮਾਰਚ ਤੋਂ ਪਹਿਲਾਂ ਮੁਜੀਬੁਰ ਰਹਿਮਾਨ ਜਿਸ ਨੂੰ ਬੰਗਬੰਧੂ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਦਾ ਜੱਦੀ ਸ਼ਹਿਰ ਇਕ ਤਰ੍ਹਾਂ ਜੰਗ ਦੇ ਮੈਦਾਨ ਵਿਚ ਬਦਲ ਗਿਆ, ਜਦ ਉਸ ਦੀ ਬੇਟੀ ਤੇ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸੈਂਕੜੇ ਸਮਰਥਕਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ | ਡਾਕਟਰਾਂ ਨੇ ਕਿਹਾ ਕਿ ਗੋਪਾਲਗੰਜ ਜਨਰਲ ਹਸਪਤਾਲ 'ਚ ਗੋਲੀਆਂ ਨਾਲ ਜ਼ਖਮੀ ਹੋਏ 9 ਹੋਰ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ | ਬਾਰਡਰ ਗਾਰਡ ਬੰਗਲਾਦੇਸ਼ (ਬੀ.ਜੀ.ਬੀ.) ਦੀਆਂ ਚਾਰ ਵਾਧੂ ਪਲਟਨਾਂ (ਲਗਭਗ 200 ਸਿਪਾਹੀ) ਨੂੰ ਗੋਪਾਲਗੰਜ ਪਹੁੰਚਾਇਆ ਗਿਆ ਹੈ |