ਅੰਮਿ੍ਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਜਾ ਰਹੀ ਇਕ ਯਾਤਰੀ ਬੱਸ 'ਤੇ ਕਲਾਤ ਵਿਚ ਚੈੱਕ ਪੋਸਟ ਨੇੜੇ ਕੀਤੀ ਗੋਲੀਬਾਰੀ 'ਚ 3 ਯਾਤਰੂਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਕਈ ਹੋਰ ਜ਼ਖ਼ਮੀ ਹੋ ਗਏ | ਐੱਸ. ਐੱਚ. ਓ. ਕਲਾਤ ਹਬੀਬੁੱਲਾ ਨੇ ਦੱਸਿਆ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬੱਸ ਇਲਾਕੇ 'ਚ ਇਕ ਚੈੱਕ ਪੋਸਟ ਦੇ ਨੇੜੇ ਪਹੁੰਚੀ | ਬੱਸ 'ਚ ਲਗਭਗ 40 ਤੋਂ 50 ਯਾਤਰੀ ਸਵਾਰ ਹਨ | ਜ਼ਖ਼ਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ | ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਦਾਅਵਾ ਕੀਤਾ ਕਿ ਯਾਤਰੀ ਬੱਸ 'ਤੇ ਇਹ ਹਮਲਾ ਵਿਦ੍ਰੋਹੀ ਸਮੂਹ ਬੀ. ਐੱਲ. ਏ. (ਬਲੋਚ ਲਿਬਰੇਸ਼ਨ ਆਰਮੀ) ਦੇ ਹਥਿਆਰਬੰਦ ਲੜਾਕਿਆਂ ਨੇ ਕੀਤਾ ਹੈ | ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫ਼ਰਾਜ਼ ਬੁਗਤੀ ਨੇ ਕਿਹਾ ਕਿ ਮਾਸੂਮ ਨਾਗਰਿਕਾਂ ਦੇ ਕਾਤਲ ਕਿਸੇ ਵੀ ਤਰ੍ਹਾਂ ਦੇ ਰਹਿਮ ਦੇ ਲਾਇਕ ਨਹੀਂ ਹਨ |