ਚੰਡੀਗੜ੍ਹ, 16 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਜੰਗ ਦੇ ਦੂਜੇ ਪੜਾਅ 'ਚ ਦਾਖਲ ਹੋਣ ਦੇ ਕੀਤੇ ਐਲਾਨ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਹੁਣ ਤੱਕ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਭਰੋਸੇਯੋਗਤਾ ਤੇ ਪਾਰਦਰਸ਼ਤਾ 'ਤੇ ਤਿੱਖੇ ਸਵਾਲ ਚੁੱਕੇ ਹਨ | ਬਾਜਵਾ ਨੇ ਪਹਿਲੇ ਪੜਾਅ ਤੋਂ ਕੋਈ ਠੋਸ ਨਤੀਜੇ ਪੇਸ਼ ਕਰਨ 'ਚ ਅਸਫਲ ਰਹਿਣ ਲਈ ਸਰਕਾਰ ਦੀ ਆਲੋਚਨਾ ਕੀਤੀ ਤੇ ਦੱਸਣਯੋਗ ਪ੍ਰਗਤੀ ਜਾਂ ਜਵਾਬਦੇਹੀ ਤੋਂ ਬਿਨਾਂ ਦੂਜਾ ਪੜਾਅ ਸ਼ੁਰੂ ਕਰਨ ਦੇ ਤਰਕ ਨੂੰ ਚੁਣੌਤੀ ਦਿੱਤੀ | ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਢੇ ਤਿੰਨ ਸਾਲਾਂ ਦੇ ਸ਼ਾਸਨ ਕਾਲ ਦੌਰਾਨ ਨਸ਼ਿਆਂ ਦੀ ਓਵਰ ਡੋਜ਼ ਕਾਰਨ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਆਮ ਗੱਲ ਬਣ ਗਈਆਂ ਹਨ |