ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)-ਸਰਹੱਦ ਪਾਰ ਤੋਂ ਪੰਜਾਬ ਅਤੇ ਦਿੱਲੀ ਵਿਚ ਫ਼ੈਲੇ ਹੈਰੋਇਨ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਚ ਸ਼ਾਮਿਲ ਇਕ ਅਫ਼ਗਾਨੀ ਨਾਗਰਿਕ ਸਮੇਤ 5 ਤਸਕਰਾਂ ਨੂੰ ਿਗ਼੍ਰਫਤਾਰ ਕਰਕੇ ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਵਲੋਂ ਹਥਿਆਰ ਤੇ ਨਾਰਕੋ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ | ਪੁਲਿਸ ਵਲੋਂ ਗਿ੍ਫਤਾਰ ਕੀਤੇ ਤਸਕਰਾਂ ਪਾਸੋਂ 5 ਆਧੁਨਿਕ ਗਲਾਕ ਪਿਸਤੌਲ, 7 ਲੱਖ ਦੇ ਕਰੀਬ ਹਵਾਲਾ ਰਾਸ਼ੀ, ਇਕ ਡਰੋਨ ਤੇ ਹੈਰੋਇਨ ਆਦਿ ਬਰਾਮਦ ਕੀਤੇ ਹਨ | ਇਹ ਗਰੋਹ ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰ ਆਯਾਤ ਕਰਨ ਲਈ ਡਰੋਨ ਦੀ ਵਰਤੋਂ ਕਰ ਰਿਹਾ ਸੀ, ਜਿਸ ਦੀਆਂ ਤਾਰਾਂ ਅਫ਼ਗਾਨਿਸਤਾਨ ਤੱਕ ਵੀ ਜੁੜੀਆਂ ਹੋਈਆਂ ਸਨ | ਜਿਥੇ ਇਕ ਪਠਾਨ ਵਲੋਂ ਚਲਾਏ ਨੈਟਵਰਕ ਦੁਆਰਾ ਹਵਾਲਾ ਦਾ ਕਾਰੋਬਾਰ ਹੁੰਦਾ ਸੀ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਵਾਏ ਪਤਰਕਾਰ ਸੰਮੇਲਨ 'ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਗੁਰਵਿੰਦਰ ਸਿੰਘ ਉਰਫ਼ ਡੋਲੂ (25) ਵਾਸੀ ਛੇਹਰਟਾ ਅੰਮਿ੍ਤਸਰ, ਜਗਜੀਤ ਸਿੰਘ ਉਰਫ਼ ਜੱਗੀ (40) ਵਾਸੀ ਅਫ਼ਗਾਨਿਸਤਾਨ ਹਾਲ ਵਾਸੀ ਨਵੀਂ ਦਿੱਲੀ ਅਰਸ਼ਦੀਪ ਸਿੰਘ ਉਰਫ਼ ਬਾਬਾ (20) ਵਾਸੀ ਥਾਣਾ ਘਰਿੰਡਾ, ਕਰਨਜੀਤ ਸਿੰਘ ਉਰਫ਼ ਕਰਨ (21) ਥਾਣਾ ਘਰਿੰਡਾ ਤੇ ਹਰਪਾਲ ਸਿੰਘ ਉਰਫ ਭਾਲਾ (25) ਵਾਸੀ ਖਾਲੜਾ ਜ਼ਿਲ੍ਹਾ ਤਰਨ ਤਾਰਨ | ਅਫ਼ਗਾਨੀ ਨਾਗਰਿਕ ਗੁਰਵਿੰਦਰ ਸਿੰਘ ਨੂੰ 50 ਗ੍ਰਾਮ ਹੈਰੋਇਨ ਤੇ ਇਕ ਪਿਸਤੌਲ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮੌਕੇ ਰਵਿੰਦਰਪਾਲ ਸਿੰਘ, ਡੀ. ਸੀ. ਪੀ./ਡਿਟੈਕਟਿਵ, ਜਗਬਿੰਦਰ ਸਿੰਘ, ਏ. ਡੀ. ਸੀ. ਪੀ., ਹਰਮਿੰਦਰ ਸਿੰਘ ਸੰਧ ਏ. ਸੀ. ਪੀ. ਅਤੇ ਇੰਸਪੈਕਟਰ ਅਮੋਲਕਦੀਪ ਸਿੰਘ ਇੰਚਾਰਜ ਸੀ. ਆਈ. ਏ. ਸਟਾਫ-1 ਆਦਿ ਹਾਜ਼ਰ ਸਨ |