ਜਲੰਧਰ, 15 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਚੌਥੀ ਪੰਜਵੀਂ ਕਲਾਸ 'ਚ ਪੜ੍ਹਨ ਵਾਲੀ ਨਬਾਲਗ ਬੱਚੀ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਉਸ ਨੂੰ ਪਿਆਨੋ ਸਿਖਾਉਣ ਦੇ ਬਹਾਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਜਲੰਧਰ ਦੇ ਦੀਪ ਨਗਰ, ਰਹਿਮਾਨ ਪੁਰ ਰੋਡ 'ਤੇ ਸਥਿਤ ਇੱਕ ਨਿੱਜੀ ਸਕੂਲ ਦੇ ਮਿਊਜ਼ਿਕ ਅਧਿਆਪਕ ਤੋਬੀਅਸ ਥਾਪਰ ਪੁੱਤਰ ਵਿਕਟਰ ਮਸੀਹ ਵਾਸੀ ਨੰਦਨਪੁਰ, ਮਕਸੂਦਾਂ, ਜ਼ਿਲ੍ਹਾ ਜਲੰਧਰ ਨੂੰ 20 ਸਾਲ ਦੀ ਕੈਦ ਅਤੇ ਵੱਖ-ਵੱਖ ਧਾਰਾਵਾਂ ਹੇਠ 85 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 1 ਸਾਲ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀ ਦੇ ਖ਼ਿਲਾਫ਼ ਪੀੜਤ ਬੱਚੀ ਦੇ ਪਰਿਵਾਰਕ ਮੈਂਬਰ ਦੀ ਸ਼ਿਕਾਇਤ 'ਤੇ ਮਿਤੀ 25 ਮਈ 2024 ਨੂੰ ਥਾਣਾ ਜਲੰਧਰ ਛਾਉਣੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਅਟਾਰਨੀ ਅਨਿਲ ਕੁਮਾਰ ਅਤੇ ਸਰਕਾਰੀ ਵਕੀਲ ਨਿਖਿਲ ਨਾਹਰ ਨੇ ਦੱਸਿਆ ਕਿ ਬੱਚੀ ਦੇ ਪਰਿਵਾਰਕ ਮੈਂਬਰ ਨੇ ਸ਼ਿਕਾਇਤ ਦਿੱਤੀ ਸੀ ਕਿ ਇਸ ਸਕੂਲ ਦਾ ਮਿਊਜ਼ਿਕ ਦਾ ਅਧਿਆਪਕ ਜੋ ਕਿ ਪਿਆਨੋ ਸਿਖਾਉਂਦਾ ਸੀ ਤੇ ਬੱਚੀ ਨੂੰ ਪੁਰਾਣੀ ਕੰਟੀਨ ਜੋ ਕਿ ਬੰਦ ਪਈ ਹੁੰਦੀ ਸੀ 'ਚ ਲਿਜਾ ਕੇ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਤੇ ਨਾਲ ਹੀ ਚਾਕੂ ਵਿਖਾ ਕੇ ਡਰਾਉਂਦਾ ਵੀ ਸੀ, ਜਦੋਂ ਇਕ ਦਿਨ ਬੱਚੀ ਨੇ ਅੱਖਾਂ ਤੋਂ ਪੱਟੀ ਉਤਾਰ ਕੇ ਵੇਖਿਆ ਤਾਂ ਉਸ ਨੇ ਟੀਚਰ ਦੀਆਂ ਇਨ੍ਹਾਂ ਹਰਕਤਾਂ ਬਾਰੇ ਆਪਣੇ ਘਰ 'ਚ ਦੱਸਿਆ ਜਿਸ ਤੋਂ ਬਾਅਦ ਦੋਸ਼ੀ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਸੀ | ਇਸੇ ਮਾਮਲੇ 'ਚ ਅੱਜ ਅਦਾਲਤ ਨੇ ਦੋਸ਼ੀ ਨੂੰ 6 ਪੋਕਸੋ ਐਕਟ 'ਚ 20 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ, 10 ਪੋਕਸੋ ਐਕਟ 'ਚ 5 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ, 12 ਪੋਕਸੋ ਐਕਟ 'ਚ 3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 506 'ਚ 2 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ |