ਬਟਾਲਾ, 15 ਜੁਲਾਈ (ਅਜੀਤ ਬਿਊਰੋ)-ਪੰਜਾਬ ਪੁਲਿਸ ਨੇ ਅਮਰੀਕਾ ਅਧਾਰਿਤ ਹੁਸਨਦੀਪ ਸਿੰਘ ਦੁਆਰਾ ਚਲਾਏ ਜਾ ਰਹੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਪੰਜ ਕਾਰਕੰੁਨਾਂ ਨੂੰ ਗਿ੍ਫਤਾਰ ਕਰਕੇ ਹੱਤਿਆ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਪੀ.ਐਕਸ. 5 ਪਿਸਤੌਲ ਤੇ .32 ਬੋਰ ਪਿਸਤੌਲ ਸਮੇਤ ਦੋ ਹਥਿਆਰ ਬਰਾਮਦ ਕੀਤੇ ਹਨ | ਇਹ ਜਾਣਕਾਰੀ ਅੱਜ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ | ਦੱਸਣਯੋਗ ਹੈ ਕਿ ਖੂਫੀਆ ਜਾਣਕਾਰੀ 'ਤੇ ਆਧਾਰਿਤ ਇਹ ਕਾਰਵਾਈ ਕਾਊਾਟਰ ਇੰਟੈਲੀਜੈਂਸ ਪੰਜਾਬ ਤੇ ਅੰਮਿ੍ਤਸਰ ਦਿਹਾਤੀ ਤੇ ਬਟਾਲਾ ਪੁਲਿਸ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ ਸੀ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਲਵਪ੍ਰੀਤ ਸਿੰਘ, ਸਿਕੰਦਰ ਕੁਮਾਰ ਉਰਫ਼ ਗੋਲਾ ਤੇ ਉਂਕਾਰਪ੍ਰੀਤ ਉਰਫ਼ ਜਸ਼ਨ ਤਿੰਨੋਂ ਵਾਸੀ ਪਿੰਡ ਸ਼ਾਹਬਾਦ (ਬਟਾਲਾ), ਗਗਨਦੀਪ ਉਰਫ਼ ਗਿਆਨੀ ਵਾਸੀ ਗਾਂਧੀ ਕੈਂਪ ਬਟਾਲਾ ਤੇ ਮਹਿਕਪ੍ਰੀਤ ਸਿੰਘ ਵਾਸੀ ਅੰਮਿ੍ਤਸਰ ਵਜੋਂ ਹੋਈ ਹੈ | ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੈਦੀ ਗੈਂਗਸਟਰ ਜੱਗੂ ਭਗਵਾਨਪੁਰੀਆ, ਜੋਕਿ ਇਸ ਸਮੇਂ ਸਿਲਚਰ ਜੇਲ੍ਹ (ਅਸਾਮ) ਵਿਚ ਬੰਦ ਹੈ, ਨੇ ਹਾਲ ਹੀ ਵਿਚ ਹੋਏ ਆਪਣੀ ਮਾਂ ਦੇ ਕਤਲ ਦਾ ਬਦਲਾ ਲੈਣ ਲਈ ਇਕ ਕਥਿਤ ਵਿਰੋਧੀ ਗੈਂਗ ਮੈਂਬਰ ਦੀ ਮਿੱਥ ਕੇ ਹੱਤਿਆ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ | ਡੀ.ਜੀ.ਪੀ. ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਆਪਣੇ ਅਮਰੀਕਾ ਆਧਾਰਿਤ ਸਾਥੀ ਹੁਸਨਦੀਪ ਸਿੰਘ ਰਾਹੀਂ ਇਸ ਘਟਨਾ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਿਹਾ ਸੀ, ਜਿਸ ਤਹਿਤ ਉਸਨੇ ਲਵਪ੍ਰੀਤ ਸਿੰਘ ਸਮੇਤ ਗਰਾਊਾਡ ਹੈਂਡਲਰਾਂ ਤੇ ਨਿਸ਼ਾਨੇਬਾਜ਼ਾਂ ਨਾਲ ਤਾਲਮੇਲ ਕੀਤਾ | ਦੱਸਣਯੋਗ ਹੈ ਕਿ ਇਸ ਕਾਰਵਾਈ ਵਿਚ ਪਹਿਲੀ ਸਫਲਤਾ ਉਦੋਂ ਮਿਲੀ, ਜਦੋਂ ਐਸ.ਐਸ.ਪੀ. ਅੰਮਿ੍ਤਸਰ ਦਿਹਾਤੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਇਕ ਵਿਅਕਤੀ ਮਹਿਕਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ | ਪੁੱਛਗਿੱਛ ਉਪਰੰਤ ਉਸਨੇ ਖੁਲਾਸਾ ਕੀਤਾ ਕਿ ਸਿਕੰਦਰ ਕੁਮਾਰ ਉਰਫ ਗੋਲਾ ਨੂੰ ਨਿਸ਼ਾਨੇਬਾਜ਼ਾਂ ਤੇ ਹੱਤਿਆ ਦੀ ਯੋਜਨਾ ਬਾਰੇ ਮਹੱਤਵਪੂਰਨ ਜਾਣਕਾਰੀ ਹੈ | ਬਟਾਲਾ ਦੇ ਐਸ.ਐਸ.ਪੀ. ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਇਸ ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਬਟਾਲਾ ਪੁਲਿਸ ਨੇ ਸਿਕੰਦਰ ਕੁਮਾਰ ਦਾ ਪਤਾ ਲਗਾਇਆ ਤੇ ਉਸਨੂੰ ਉਸ ਦੇ ਸਹਿਯੋਗੀ ਉਂਕਾਰਪ੍ਰੀਤ ਉਰਫ਼ ਜਸ਼ਨ ਸਮੇਤ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਕਿਹਾ ਕਿ ਹੋਰ ਪੁੱਛਗਿੱਛ ਤੋਂ ਬਾਅਦ ਉਸ ਦੇ ਇਕ ਹੋਰ ਸਾਥੀ ਗਗਨਦੀਪ ਉਰਫ਼ ਗਿਆਨੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ | ਉਨ੍ਹਾਂ ਕਿਹਾ ਕਿ ਲਗਾਤਾਰ ਪੁੱਛਗਿੱਛ ਦੌਰਾਨ ਦੋਸ਼ੀ ਸਿਕੰਦਰ ਕੁਮਾਰ ਨੇ ਖੁਲਾਸਾ ਕੀਤਾ ਕਿ ਇਸ ਸਾਜਿਸ਼ ਨੂੰ ਲਵਪ੍ਰੀਤ ਸਿੰਘ, ਜੋਕਿ ਮੁੱਖ ਸਾਜਿਸ਼ਕਰਤਾ ਸੀ, ਵਲੋਂ ਕੰਟਰੋਲ ਕੀਤਾ ਜਾ ਰਿਹਾ ਸੀ, ਜਿਸਨੂੰ ਆਖਰਕਾਰ ਬਟਾਲਾ ਪੁਲਿਸ ਨੇ ਇਕ ਵੱਖਰੇ ਆਪ੍ਰੇਸ਼ਨ ਵਿਚ ਗਿ੍ਫ਼ਤਾਰ ਕਰ ਲਿਆ | ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਲਵਪ੍ਰੀਤ ਨੇ ਖੁਲਾਸਾ ਕੀਤਾ ਕਿ ਸਾਰੀ ਯੋਜਨਾ ਜੱਗੂ ਦੇ ਨਜ਼ਦੀਕੀ ਸਾਥੀ ਹੁਸਨਦੀਪ ਸਿੰਘ, ਜੋਕਿ ਅਮਰੀਕਾ ਵਿਚ ਹੈ, ਵਲੋਂ ਰਚੀ ਜਾ ਰਹੀ ਸੀ | ਉਨ੍ਹਾਂ ਅੱਗੇ ਕਿਹਾ ਕਿ ਸਾਜ਼ਿਸ਼ ਦਾ ਉਦੇਸ਼ ਇਕ ਕਥਿਤ ਵਿਰੋਧੀ ਗਰੋਹ ਦੇ ਮੈਂਬਰ ਨੂੰ ਖਤਮ ਕਰਨਾ ਸੀ | ਇਸ ਸਬੰਧੀ ਬਟਾਲਾ ਥਾਣਾ ਰੰਗੜ ਨੰਗਲ ਵਿਖੇ ਅਸਲਾ ਐਕਟ ਦੀ ਧਾਰਾ 25 ਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 61(2) ਅਤੇ 111 ਤਹਿਤ ਐਫ.ਆਈ.ਆਰ. ਨੰਬਰ 80/2025 ਦਰਜ ਕੀਤੀ ਗਈ ਹੈ |