24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸੀਨੀਅਰ ਅਕਾਲੀ ਆਗੂ ਹਰਮੀਤ ਸਿੰਘ ਸੰਧੂ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ <br/>

ਅਜੀਤ ਡੈਸਕ 16-07-2025

ਚੰਡੀਗੜ੍ਹ, 15 ਜੁਲਾਈ (ਅਜਾਇਬ ਸਿੰਘ ਔਜਲਾ)-ਅਕਾਲੀ ਦਲ ਬਾਦਲ ਨੂੰ ਮਾਝੇ ਵਿੱਚ ਇੱਕ ਹੋਰ ਵੱਡਾ ਝਟਕਾ ਲੱਗਾ ਹੈ | ਤਰਨਤਾਰਨ ਤੋਂ ਸੀਨੀਅਰ ਅਕਾਲੀ ਆਗੂ ਹਰਮੀਤ ਸਿੰਘ ਸੰਧੂ ਆਪਣੇ ਦਰਜਨਾਂ ਸਮਰਥਕਾਂ ਸਮੇਤ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਿਲ ਹੋ ਗਏ | ਹਰਮੀਤ ਸੰਧੂ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ | 2002 ਵਿਚ, ਉਹ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਵਿਧਾਇਕ ਬਣੇ | ਇਸ ਤੋਂ ਬਾਅਦ ਉਨ੍ਹਾਂ ਨੇ 2007 ਅਤੇ 2012 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਦੋ ਵਾਰ ਚੋਣਾਂ ਜਿੱਤੀਆਂ | ਉਹ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੂਜੇ ਸਥਾਨ 'ਤੇ ਰਹੇ ਸਨ | ਸੰਧੂ ਨੂੰ ਪੰਜਾਬ ਦੀ ਰਾਜਨੀਤੀ, ਖਾਸ ਕਰਕੇ ਮਾਝਾ ਖੇਤਰ ਦੀ ਰਾਜਨੀਤੀ ਦੀ ਡੂੰਘੀ ਸਮਝ ਹੈ ਤੇ ਤਰਨਤਾਰਨ ਦੇ ਲੋਕਾਂ ਵਿਚ ਉਨ੍ਹਾਂ ਦੀ ਚੰਗੀ ਪਕੜ ਹੈ | ਉਹ ਲਗਭਗ ਢਾਈ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਹਨ | ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਹਰਮੀਤ ਸੰਧੂ ਨੂੰ ਚੰਡੀਗੜ੍ਹ ਵਿਚ ਰਸਮੀ ਤੌਰ 'ਤੇ ਪਾਰਟੀ ਵਿਚ ਸ਼ਾਮਿਲ ਕਰਵਾਈਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਮੌਜੂਦ ਸਨ | ਮੀਡੀਆ ਨੂੰ ਸੰਬੋਧਨ ਕਰਦਿਆਂ ਹਰਮੀਤ ਸੰਧੂ ਨੇ ਕਿਹਾ ਕਿ ਮੈਂ ਲਗਭਗ 30 ਸਾਲਾਂ ਤੋਂ ਰਾਜਨੀਤੀ ਵਿਚ ਹਾਂ ਤੇ ਹਰ ਵਾਰ ਤਰਨਤਾਰਨ ਦੇ ਲੋਕਾਂ ਨੇ ਮੈਨੂੰ ਪੂਰਾ ਪਿਆਰ ਤੇ ਸਤਿਕਾਰ ਦਿੱਤਾ ਹੈ | ਪਰ ਹੁਣ ਹਾਲਾਤ ਬਹੁਤ ਬਦਲ ਗਏ ਹਨ | 2002 ਵਿਚ ਲੋਕਾਂ ਨੇ ਮੈਨੂੰ ਇੱਕ ਆਜ਼ਾਦ ਉਮੀਦਵਾਰ ਵਜੋਂ ਲਗਭਗ 7000 ਵੋਟਾਂ ਨਾਲ ਜਿਤਾਇਆ ਸੀ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਸਪੱਸ਼ਟ ਨੀਤੀ ਤੇ ਇਰਾਦਿਆਂ ਨੇ ਮੈਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ | ਮਾਨ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਚੰਗੀਆਂ ਨੀਤੀਆਂ ਤੇ ਸਪੱਸ਼ਟ ਇਰਾਦਿਆਂ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕੀਤਾ ਹੈ |

ਪਿਛਲੀ ਖ਼ਬਰ ਜੱਗੂ ਭਗਵਾਨਪੁਰੀਆ ਗਰੋਹ ਦੇ ਪੰਜ ਕਾਰਕੁੰਨ ਗਿ੍ਫ਼ਤਾਰ-ਦੋ ਪਿਸਤੌਲ ਬਰਾਮਦ <br/> ਅਗਲੀ ਖ਼ਬਰ ਸਦਨ 'ਚ ਗੂੰਜਿਆ ਪੰਜਾਬ ਦੇ ਬੇਸਹਾਰਾ ਪਸ਼ੂਆਂ ਦਾ ਮੁੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।