ਜ਼ੀਰਕਪੁਰ, 15 ਜੁਲਾਈ (ਹੈਪੀ ਪੰਡਵਾਲਾ)-ਪੰਜਾਬ 'ਚ ਮੰਗਤਿਆਂ ਦਾ ਹਜ਼ੂਮ ਲਗਾਤਾਰ ਵਧਦਾ ਜਾ ਰਿਹਾ ਹੈ | ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਇਨ੍ਹਾਂ ਦੀ ਆਮਦ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਜ਼ੀਰਕਪੁਰ 'ਚ ਇਹ ਵੱਡੀ ਤੇ ਗੰਭੀਰ ਸਮੱਸਿਆ ਵੱਲ ਧਿਆਨ ਨਾ ਦੇ ਕੇ ਅਫ਼ਸਰਸ਼ਾਹੀ ਸਿਰਫ਼ ਭਲਵਾਨੀ ਗੇੜੀਆਂ ਮਾਰਨ ਤੱਕ ਹੀ ਸੀਮਤ ਰਹਿ ਗਈ ਹੈ | ਬੇਸ਼ੱਕ ਲੰਘੇ ਕੱਲ੍ਹ ਅੰਮਿ੍ਤਸਰ 'ਚ ਇਕ ਭਿਖਾਰਨ 'ਤੇ ਕੇਸ ਦਰਜ ਹੋਇਆ ਸੀ, ਪਰ ਜ਼ੀਰਕਪੁਰ ਦੇ ਹਰੇਕ ਲਾਈਟ ਪੁਆਇੰਟ 'ਤੇ ਟ੍ਰੈਫ਼ਿਕ ਪੁਲਿਸ ਦੇ ਬੂਥਾਂ ਸਾਹਮਣੇ ਭਿਖਾਰੀਆਂ ਵਲੋਂ ਵਾਹਨ ਚਾਲਕਾਂ ਨੂੰ ਸ਼ਰ੍ਹੇਆਮ ਪ੍ਰੇਸ਼ਾਨ ਕੀਤਾ ਜਾਂਦਾ ਹੈ | ਛੋਟੇ ਬੱਚੇ ਕਾਰਾਂ ਦੇ ਸ਼ੀਸ਼ਿਆਂ ਨੂੰ ਸਾਫ਼ ਕਰਨ ਦੇ ਨਾਂਅ 'ਤੇ ਪੈਸੇ ਮੰਗਦੇ ਹਨ, ਜੋ ਕਿ ਚਾਲਕ ਦੇ ਮਨ੍ਹਾ ਕਰਨ 'ਤੇ ਵਾਹਨਾਂ ਨੂੰ ਨੁਕਸਾਨ ਵੀ ਪਹੁੰਚਾ ਦਿੰਦੇ ਹਨ | ਇਸ ਵੇਲੇ ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਮਾਰਕੀਟਾਂ, ਪਾਰਕਿੰਗਾਂ, ਟ੍ਰੈਫ਼ਿਕ ਲਾਈਟਾਂ, ਪਾਰਕਾਂ, ਧਾਰਿਮਕ ਅਸਥਾਨਾਂ ਤੇ ਇਥੋਂ ਤੱਕ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਭੀਖ ਮੰਗਣ ਵਾਲਿਆਂ ਦੀ ਗਿਣਤੀ ਕਈ ਦਰਜਨ ਹੋ ਗਈ ਹੈ ਤੇ ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ | ਭਿਖਾਰੀਆਂ 'ਚ ਬੱਚਿਆਂ ਦੀ ਸ਼ਮੂਲੀਅਤ ਸਮਾਜ ਲਈ ਕਲੰਕ ਬਣ ਰਹੀ ਹੈ | ਔਰਤਾਂ 5-6 ਮਹੀਨਿਆਂ ਦੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਜਾਂ ਕੱਪੜੇ ਨਾਲ ਬੰਨ੍ਹ ਕੇ ਢਿੱਡ 'ਤੇ ਲਮਕਾ ਲੈਂਦੀਆਂ ਹਨ | ਇਨ੍ਹਾਂ ਵਲੋਂ ਪੈੱਨ, ਕੀ-ਰਿੰਗ ਤੇ ਛੋਟੇ ਖਿਡੌਣੇ ਵੇਚਣੇ ਵੀ ਭੀਖ ਮੰਗਣ ਦਾ ਦੂਜਾ ਰੂਪ ਹੀ ਹੈ | ਲੋਕਾਂ ਦਾ ਸਵਾਲ ਹੈ ਕਿ ਭਿਖਾਰਨਾਂ ਵਲੋਂ ਗੋਦੀ ਚੁੱਕੇ ਕੱਪੜਿਆਂ 'ਚ ਲਪੇਟੇ ਬੱਚਿਆਂ ਦੀ ਉਮਰ ਹਮੇਸ਼ਾਂ ਇਕ ਤੋਂ ਲੈ ਕੇ ਛੇ ਮਹੀਨਿਆਂ ਤੱਕ ਹੀ ਜਾਪਦੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਗੋਦ ਚੁੱਕੇ ਬੱਚੇ ਸਮਾਂ ਪਾ ਕੇ ਬਦਲ ਦਿੱਤੇ ਜਾਂਦੇ ਹਨ | ਇਹ ਕਥਿਤ ਮਾਵਾਂ ਬੱਚਿਆਂ ਦੇ ਵੱਡੇ ਹੁੰਦਿਆਂ ਹੀ ਹੋਰ ਗ਼ਰੀਬ ਔਰਤਾਂ ਕੋਲੋਂ ਉਨ੍ਹਾਂ ਦੇ ਛੋਟੇ ਬੱਚੇ ਪੂਰੇ ਦਿਨ ਲਈ ਕਿਰਾਏ 'ਤੇ ਲੈ ਆਉਂਦੀਆਂ ਹਨ | ਬੱਚਾ ਗੋਦ 'ਚ ਚੁੱਪ-ਚਾਪ ਪਿਆ ਰਹੇ ਇਸ ਲਈ ਜ਼ਿਆਦਾਤਰ ਔਰਤਾਂ ਕੋਈ ਨਸ਼ੀਲੀ ਵਸਤੂ ਬੱਚਿਆਂ ਨੂੰ ਚਟਾ ਦਿੰਦੀਆਂ ਹਨ | ਵੱਡੇ ਹੋਣ 'ਤੇ ਗਰੋਹ ਵਲੋਂ ਇਨ੍ਹਾਂ ਬੱਚਿਆਂ ਨੂੰ ਜੇਬਾਂ ਕੱਟਣ, ਚੋਰੀ ਤੇ ਝਪਟਮਾਰੀ ਜਿਹੇ ਜੁਰਮਾਂ ਵੱਲ ਧੱਕ ਦਿੱਤਾ ਜਾਂਦਾ ਹੈ |
ਸਮਾਜ ਵਿਰੋਧੀ ਗਤੀਵਿਧੀਆਂ ਦੇ ਸੂਤਰਧਾਰਾਂ ਤੱਕ ਪਹੁੰਚੇ ਪੁਲਿਸ-
ਲੋਕਾਂ ਦਾ ਕਹਿਣਾ ਹੈ ਕਿ ਭੀਖ ਮੰਗਣਾ ਧੰਦਾ ਬਣਦਾ ਜਾ ਰਿਹਾ ਹੈ, ਲਿਹਾਜ਼ਾ ਪੁਲਿਸ ਪ੍ਰਸ਼ਾਸਨ ਨੂੰ ਇਸ ਪਾਸੇ ਜ਼ਿਆਦਾ ਗ਼ੌਰ ਕਰਨੀ ਚਾਹੀਦੀ ਹੈ | ਭਿਖਾਰੀਆਂ ਦੇ ਠੇਕੇਦਾਰ ਸਵੇਰੇ ਆਟੋ ਜਾਂ ਗੱਡੀ ਰਾਹੀਂ ਇਨ੍ਹਾਂ ਨੂੰ ਸ਼ਹਿਰ ਦੇ ਚੌਕਾਂ 'ਤੇ ਛੱਡ ਜਾਂਦੇ ਹਨ ਅਤੇ ਰਾਤ ਹੋਣ 'ਤੇ ਮੁੜ ਇਨ੍ਹਾਂ ਨੂੰ ਇਕੱਠੇ ਕਰਕੇ ਵਾਪਸ ਲੈ ਜਾਂਦੇ ਹਨ | ਇਸ ਖ਼ਬਰ ਦਾ ਮਨੋਰਥ ਭਿਖਾਰੀਆਂ ਸੰਬੰਧੀ ਜਾਗਰੂਕਤਾ ਫੈਲਾਉਣਾ ਹੈ, ਨਾ ਕਿ ਕਿਸੇ ਦੀ ਲੋੜ ਦਾ ਮਜ਼ਾਕ ਉਡਾਉਣਾ | ਇਸ ਬਾਬਤ ਸਮਾਜ ਸੇਵੀ ਸੰਸਥਾ 'ਬਾਜ਼ ਫਾਊਾਡੇਸ਼ਨ' ਦੇ ਨੁਮਾਇੰਦੇ ਅਸ਼ੋਕ ਸੈਣੀ, ਸੰਦੀਪ ਸਿੰਘ, ਸ਼ੈਲੀ ਸੰਧੂ, ਇੰਦਰਜੀਤ ਸਿੰਘ ਤੇ ਲਾਡੀ ਸੈਣੀ ਨੇ ਆਖਿਆ ਕਿ ਬੇਸ਼ੱਕ ਕਾਨੂੰਨ ਦੀਆਂ ਧਾਰਾਵਾਂ ਮੁਤਾਬਕ ਭੀਖ ਮੰਗਣਾ ਤੇ ਬੱਚਿਆਂ ਨੂੰ ਇਸ ਕਿੱਤੇ 'ਚ ਸ਼ਾਮਿਲ ਕਰਨਾ ਜੁਰਮ ਹੈ, ਪਰ ਸ਼ਹਿਰ ਵਾਸੀਆਂ ਦਾ ਇਹ ਸਵਾਲ ਕਿ 'ਇਸ ਕਾਨੂੰਨ ਮੁਤਾਬਕ ਜ਼ੀਰਕਪੁਰ ਕਦੋਂ ਭਿਖਾਰੀ ਮੁਕਤ ਬਣੇਗਾ' | ਇਸ ਬਾਬਤ ਗੱਲ ਕਰਨ 'ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਪ੍ਰੀਤ ਕੌਰ ਨੇ ਆਖਿਆ ਕਿ ਬਾਲ ਭੀਖ ਰੋਕੂ ਮੁਹਿੰਮ ਤਹਿਤ ਲੰਘੇ ਮਹੀਨੇ ਮੁਹਾਲੀ 'ਚ ਕੁਝ ਬੱਚਿਆਂ ਨੂੰ ਭੀਖ ਮੰਗਣ ਦੇ ਕਿੱਤੇ 'ਚੋਂ ਬਾਹਰ ਕੱਢਿਆ ਗਿਆ ਸੀ ਤੇ ਹੁਣ ਜ਼ੀਰਕਪੁਰ 'ਚ ਵੀ ਇਹ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਤਪਦੀ ਧੁੱਪ 'ਚ ਭਿਖਾਰਨਾਂ ਵਲੋਂ ਕੁੱਛੜ ਚੁੱਕੇ ਜਵਾਕਾਂ ਨਾਲ ਕੀਤਾ ਜਾ ਰਿਹੈ ਜ਼ੁਲਮ <br/>
ਅਜੀਤ ਡੈਸਕ
16-07-2025