ਮੁੰਬਈ, 14 ਜੁਲਾਈ (ਏਜੰਸੀ)- ਹਵਾਬਾਜ਼ੀ ਅਥਾਰਟੀ ਡੀ.ਜੀ.ਸੀ.ਏ. ਨੇ ਏਅਰਲਾਈਨ ਕੰਪਨੀਆਂ ਨੂੰ ਆਪਣੇ ਬੋਇੰਗ 787, 737 'ਚ ਫਿਉਲ ਸਵਿਚ ਲਾਕਿੰਗ ਪ੍ਰਣਾਲੀ ਦੀ ਜਾਂਚ ਕਰਨ ਨੂੰ ਕਿਹਾ ਹੈ | ਇਹ ਕਦਮ ਏਅਰ ਇੰਡੀਆ ਦੇ ਬੋਇੰਗ 787 ਜਹਾਜ਼ ਦੇ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਦੇ ਕੁਝ ਦਿਨ ਬਾਅਦ ਆਇਆ ਹੈ, ਰਿਪੋਰਟ 'ਚ ਪਾਇਆ ਗਿਆ ਸੀ ਕਿ ਪਿਛਲੇ ਮਹੀਨੇ ਹੋਏ ਹਾਦਸੇ ਤੋਂ ਠੀਕ ਪਹਿਲਾਂ ਸਵਿਚ ਬੰਦ ਕਰ ਦਿੱਤੇ ਗਏ ਸਨ | ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐਫ.ਏ.ਏ.) ਨੇ 2018 'ਚ 787 ਤੇ 737 ਸਮੇਤ ਬੋਇੰਗ ਜਹਾਜ਼ਾਂ ਦੇ ਕੁਝ ਮਾਡਲਾਂ 'ਚ ਈਾਧਣ ਕੰਟਰੋਲ ਕਰਨ ਵਾਲੀ 'ਸਵਿਚ ਲਾਕਿੰਗ' ਸਹੂਲਤ ਦੀ ਖਰਾਬੀ 'ਚ ਸ਼ੱਕ ਜ਼ਾਹਰ ਕੀਤਾ ਸੀ | ਡੀ.ਜੀ.ਸੀ.ਏ. ਨੇ ਕਿਹਾ ਕਿ ਉਸ ਦੇ ਨੋਟਿਸ 'ਚ ਆਇਆ ਹੈ ਕਿ ਕਈ ਅੰਤਰਰਾਸ਼ਟਰੀ ਤੇ ਘਰੇਲੂ ਸੰਚਾਲਕਾਂ ਨੇ ਐਫ਼.ਏ.ਏ. ਦੇ ਐਸ.ਏ.ਆਈ.ਬੀ. ਅਨੁਸਾਰ ਆਪਣੇ ਜਹਾਜ਼ ਬੇੜੇ ਦਾ ਨਿਰੀਖਣ ਸ਼ੁਰੂ ਕਰ ਦਿੱਤਾ ਹੈ | ਅਥਾਰਟੀ ਨੇ ਕਿਹਾ ਕਿ ਪ੍ਰਭਾਵਿਤ ਜਹਾਜ਼ ਦੀ ਸੰਚਾਲਨ ਕਰਨ ਵਾਲੀਆਂ ਸਾਰੀਆਂ ਏਅਰਲਾਈਨ ਕੰਪਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 21 ਜੁਲਾਈ ਤੋਂ ਪਹਿਲਾਂ ਨਿਰੀਖਣ ਪੂਰਾ ਕਰਕੇ ਰਿਪੋਰਟ ਸੰਬੰਧਿਤ ਖੇਤਰੀ ਦਫਤਰ ਦੇ ਨਾਲ ਹੀ ਇਸ ਦਫਤਰ ਨੂੰ ਦਿੱਤੀ ਜਾਏਗੀ |