ਨਵੀਂ ਦਿੱਲੀ, 14 ਜੁਲਾਈ (ਉਪਮਾ ਡਾਗਾ ਪਾਰਥ)-ਯਮਨ 'ਚ ਕੇਰਲ ਦੀ ਨਰਸ ਨਿਮਿਸ਼ਾ ਪ੍ਰਿਆ ਦੀ 16 ਜੁਲਾਈ ਨੂੰ ਤੈਅ ਫਾਂਸੀ ਨੂੰ ਰੋਕਣ ਦੀ ਇਕ ਉਮੀਦ ਸੋਮਵਾਰ ਨੂੰ ਉਸ ਵੇਲੇ ਖ਼ਤਮ ਹੋ ਗਈ ਜਦੋਂ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਇਸ ਮਾਮਲੇ 'ਚ ਜ਼ਿਆਦਾ ਕੁਝ ਨਹੀਂ ਕਰ ਸਕਦੀ। ਅਟਾਰਨੀ ਜਨਰਲ ਆਰ. ਵੇਂਕਟਰਮਣੀ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ 'ਚ ਏਨਾ ਅੱਗੇ ਹੀ ਜਾ ਸਕਦੀ ਸੀ। ਸਰਕਾਰ ਹੁਣ ਉਸ ਹੱਦ ਤੱਕ ਪਹੁੰਚ ਚੁੱਕੀ ਹੈ ਅਤੇ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਯਮਨ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਇਹ ਕੂਟਨੀਤਕ ਤੌਰ 'ਤੇ ਜਾਇਜ਼ ਨਹੀਂ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਬਲੱਡ ਮਨੀ ਇਕ ਨਿੱਜੀ ਸਮਝੌਤਾ ਹੈ। ਸੁਪਰੀਮ ਕੋਰਟ ਨੇ ਸਰਕਾਰ ਤੋਂ ਇਸ ਸੰਬੰਧ 'ਚ ਜਵਾਬ ਮੰਗਿਆ ਸੀ। ਅਟਾਰਨੀ ਜਨਰਲ ਨੇ ਕਿਹਾ ਕਿ ਭਾਰਤ ਨੇ ਯਮਨ 'ਚ ਇਕ ਰਸੂਖਦਾਰ ਸ਼ੇਖ ਨਾਲ ਸੰਪਰਕ ਕੀਤਾ ਸੀ ਤਾਂ ਜੋ ਉਹ ਉਥੋਂ ਦੇ ਅਧਿਕਾਰੀਆਂ ਨੂੰ ਨਿਮਿਸ਼ਾ ਪ੍ਰਿਆ ਨੂੰ ਮੁਆਫ਼ ਕਰਨ ਲਈ ਮਨਾ ਸਕਣ। ਉਨ੍ਹਾਂ ਕਿਹਾ ਕਿ ਸਾਨੂੰ ਗ਼ੈਰ-ਰਸਮੀ ਤੌਰ 'ਤੇ ਦੱਸਿਆ ਗਿਆ ਕਿ ਫਾਂਸੀ ਨੂੰ ਰੋਕ ਦਿੱਤਾ ਜਾਵੇਗਾ, ਪਰ ਸਾਨੂੰ ਇਹ ਨਹੀਂ ਪਤਾ ਕਿ ਇਹ ਕੰਮ ਕਰੇਗਾ ਜਾਂ ਨਹੀਂ। ਸਰਕਾਰ ਨੇ ਇਹ ਵੀ ਕਿਹਾ ਕਿ ਫਾਂਸੀ ਨੂੰ ਰੋਕਣ ਲਈ ਸੋਮਵਾਰ ਸਵੇਰੇ ਸਾਢੇ 10 ਵਜੇ ਵੀ ਅਪੀਲ ਕੀਤੀ ਗਈ ਸੀ, ਪਰ ਅਜੇ ਤੱਕ ਕੋਈ ਅਧਿਕਾਰਕ ਜਵਾਬ ਨਹੀਂ ਆਇਆ। ਅਟਾਰਨੀ ਜਨਰਲ ਨੇ ਸਰਕਾਰ ਦੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਹੌਥੀ, ਯਮਨ ਦਾ ਇਕ ਵਿਦਰੋਹੀ ਧੜਾ ਜਿਸ ਨਾਲ ਭਾਰਤ ਦੇ ਰਸਮੀ ਸਫ਼ਾਰਤੀ ਸੰਬੰਧ ਨਹੀਂ ਹਨ, ਦੇ ਕਬਜ਼ੇ ਹੇਠਲੇ ਯਮਨ 'ਚ ਸਰੀਆ ਕਾਨੂੰਨ ਦਾ ਪਾਲਣ ਕੀਤਾ ਜਾਂਦਾ ਹੈ। ਇਸ ਕਾਨੂੰਨ ਮੁਤਾਬਿਕ ਹੱਤਿਆ ਦੇ ਦੋਸ਼ੀ ਨੂੰ ਵੀ ਪੀੜਤ ਪਰਿਵਾਰ ਇਕ ਵਿੱਤੀ ਮੁਆਵਜ਼ਾ, ਜਿਸ ਨੂੰ 'ਬਲੱਡ ਮਨੀ' ਕਿਹਾ ਜਾਂਦਾ ਹੈ, ਲੈ ਕੇ ਮੁਆਫ਼ ਕਰ ਸਕਦਾ ਹੈ। ਹਾਲਾਂਕਿ ਇਹ ਦੋਵੇਂ ਧਿਰਾਂ ਦਰਮਿਆਨ ਮਾਮਲਾ ਹੈ। ਪਟੀਸ਼ਨਕਰਤਾ ਸੰਸਥਾ ਨੇ ਕਿਹਾ ਕਿ ਪ੍ਰਿਆ ਦਾ ਪਰਿਵਾਰ ਪੀੜਤ ਪਰਿਵਾਰ ਦੇ ਸੰਪਰਕ 'ਚ ਹੈ ਅਤੇ ਉਨ੍ਹਾਂ ਨੇ ਉਸ ਰਕਮ (ਬਲੱਡ ਮਨੀ) ਦਾ ਇੰਤਜ਼ਾਮ ਕਰ ਲਿਆ ਹੈ ਪਰ ਪੀੜਤ ਪਰਿਵਾਰ ਅਤੇ ਹੌਥੀ ਅਧਿਕਾਰੀਆਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਵੀ ਮਾਮਲੇ ਪ੍ਰਤੀ ਨਾ-ਉਮੀਦੀ ਦਰਸਾਉਂਦਿਆਂ ਕਿਹਾ ਕਿ ਅਸੀਂ ਕਿਸੇ ਵਿਦੇਸ਼ੀ ਮੁਲਕ ਬਾਰੇ ਆਦੇਸ਼ ਕਿਵੇਂ ਪਾਸ ਕਰ ਸਕਦੇ ਹਾਂ?
ਯਮਨ 'ਚ ਭਾਰਤੀ ਨਰਸ ਨੂੰ ਮੌਤ ਦੀ ਸਜ਼ਾ ਦਾ ਮਾਮਲਾ -ਸਰਕਾਰ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੀ-ਸੁਪਰੀਮ ਕੋਰਟ 'ਚ ਕੇਂਦਰ
ਅਜੀਤ ਡੈਸਕ
15-07-2025