ਨਵੀਂ ਦਿੱਲੀ, 14 ਜੁਲਾਈ (ਪੀ.ਟੀ.ਆਈ.)-ਦਿੱਲੀ 'ਚ ਇਕ ਵੱਡੇ ਫੇਰਬਦਲ ਤਹਿਤ ਭਿ੍ਸ਼ਟਾਚਾਰ ਵਿਰੋਧੀ ਸ਼ਾਖਾ (ਏ.ਸੀ.ਬੀ) ਦੇ ਮੁਖੀ ਮਧੁਰ ਵਰਮਾ, ਜੋ ਕਿ ਸਾਬਕਾ 'ਆਪ' ਮੰਤਰੀਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵਿਰੁੱਧ ਭਿ੍ਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੇ ਸਨ, ਨੂੰ ਦਿੱਲੀ ਪੁਲਿਸ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਜਦੋਂ ਕਿ ਸੀਨੀਅਰ ਆਈ.ਪੀ.ਐਸ ਅਧਿਕਾਰੀ ਵਿਕਰਮਜੀਤ ਸਿੰਘ ਹੁਣ ਏ.ਸੀ.ਬੀ ਦੀ ਅਗਵਾਈ ਕਰਨਗੇ | 2004 ਬੈਚ ਦੇ ਆਈ.ਪੀ.ਐਸ ਅਧਿਕਾਰੀ ਮਧੁਰ ਵਰਮਾ ਨੇ ਸਰਕਾਰੀ ਸਕੂਲਾਂ 'ਚ ਕਲਾਸਰੂਮਾਂ ਦੀ ਉਸਾਰੀ ਵਿਚ ਕਥਿਤ ਭਿ੍ਸ਼ਟਾਚਾਰ ਦੇ ਸੰਬੰਧ 'ਚ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਤਲਬ ਕੀਤਾ ਸੀ | ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਦੇ ਇੱਕ ਆਦੇਸ਼ ਅਨੁਸਾਰ ਵਰਮਾ ਨੂੰ ਸੰਯੁਕਤ ਪੁਲਿਸ ਕਮਿਸ਼ਨਰ (ਕੇਂਦਰੀ ਰੇਂਜ) ਬਣਾਇਆ ਗਿਆ ਹੈ | ਇੱਕ ਹੋਰ ਆਦੇਸ਼ ਵਿਚ ਵਿਕਰਮਜੀਤ ਸਿੰਘ, ਜੋ ਇਸ ਸਮੇਂ ਦਿੱਲੀ ਪੁਲਿਸ ਦੇ ਸੰਯੁਕਤ ਸੀਪੀ (ਸੁਰੱਖਿਆ) ਵਜੋਂ ਤਾਇਨਾਤ ਹਨ, ਨੂੰ ਦਿੱਲੀ ਸਰਕਾਰ ਦਾ ਸੰਯੁਕਤ ਸੀ.ਪੀ (ਭਿ੍ਸ਼ਟਾਚਾਰ ਵਿਰੋਧੀ) ਵਜੋਂ ਤਾਇਨਾਤ ਕੀਤਾ ਗਿਆ ਹੈ |