ਫ਼ਰੀਦਕੋਟ, 8 ਦਸੰਬਰ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਗੋਲੇਵਾਲਾ ਵਿਖੇ ਸਾਲਾਨਾ ਖੇਡਾਂ 'ਸਪੋਰਟਸ ਸਪੈਕਰਾ- 2025' ਕਰਵਾਇਆ ਗਿਆ | ਇਨ੍ਹਾਂ ਖੇਡਾਂ ਚ ਸਕੂਲ ਦੇ ਚਾਰੇ ਹਾਊਸਾਂ ਦੇ ਪਹਿਲੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਸਭ ਤੋਂ ਪਹਿਲੇ ਪੜ੍ਹਾਅ 'ਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਸ਼ਾਮਿਲ ਸਨ ਤੇ ਦੂਸਰੇ ਪੜ੍ਹਾਅ ਦੌਰਾਨ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਸ਼ਾਮਿਲ ਸਨ | ਇਸ ਖੇਡ ਉਤਸਵ ਦੌਰਾਨ ਵਿਦਿਆਰਥੀਆਂ ਦੁਆਰਾ ਬੈਂਡ ਦੇ ਨਾਲ ਮਾਰਚ ਕੀਤਾ ਗਿਆ ਤੇ ਉਸ ਉਪਰੰਤ ਸੰਸਥਾ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਮਸ਼ਾਲ ਜਗਾ ਕੇ ਤੇ ਅਸਮਾਨ 'ਚ ਗੁਬਾਰੇ ਛੱਡ ਕੇ ਸਮਾਗਮ ਦੀ ਸ਼ੁਰੁਆਤ ਕੀਤੀ | ਵਿਦਿਆਰਥੀਆਂ ਨੇ ਸ਼ਬਦ ਗਾਇਨ ਤੇ ਸਵਾਗਤੀ ਗੀਤ ਨਾਲ ਆਏ ਹੋਏ ਮਾਪਿਆਂ ਦਾ ਸਵਾਗਤ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਚੇਅਰਮੈਨ ਗੁਰਚਰਨ ਸਿੰਘ ਨੇ ਖੇਡਾਂ ਦੇ ਜੀਵਨ 'ਚ ਮਹੱਤਵ ਬਾਰੇ ਚਾਨਣਾ ਪਾਇਆ | ਸੰਸਥਾ ਦੀ ਡਾਇਰੈਕਟਰ ਕਿਰਨਜੋਤ ਕੌਰ ਵਲੋਂ ਸਾਰੇ ਹੀ ਮਾਤਾ-ਪਿਤਾ ਨੂੰ ਹਾਜ਼ਰ ਹੋਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਜੋਸ਼ ਦੇ ਨਾਲ ਇਨ੍ਹਾਂ ਬੱਚਿਆਂ ਦੁਆਰਾ ਹਿੱਸਾ ਲਿਆ ਗਿਆ, ਉਹ ਸਿਰਫ਼ ਤੇ ਸਿਰਫ਼ ਸਕੂਲ ਅਤੇ ਮਾਤਾ-ਪਿਤਾ ਦੇ ਆਪਸੀ ਸਹਿਯੋਗ ਦੇ ਨਾਲ ਸੰਭਵ ਹੈ ਅਤੇ ਉਨ੍ਹਾਂ ਸਾਰੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਮਾਗਮ ਸਫ਼ਲ ਹੋਇਆ | ਸੰਸਥਾ ਦੇ ਵਾਈਸ ਚੇਅਰਪਰਸਨ ਕੁਸ਼ਵੰਤ ਕੌਰ, ਮੈਨੇਜਰ ਗੁਰਮੀਤ ਸਿੰਘ ਅਤੇ ਵਾਈਸ ਪਿ੍ੰਸੀਪਲ ਪੂਨਮ ਗੋਇਲ ਵੀ ਮੌਜੂਦ ਸਨ | ਅੰਤ 'ਚ ਪੰਜਾਬੀ ਲੋਕ ਨਾਚ ਭੰਗੜਾ ਪੇਸ਼ ਕੀਤਾ ਜਿਸ ਨੇ ਸਭ ਦਾ ਮਨ ਮੋਹ ਲਿਆ |