ਫ਼ਰੀਦਕੋਟ, 20 ਨਵੰਬਰ (ਸਟਾਫ਼ ਰਿਪੋਰਟਰ)-ਆਸ਼ਾ ਵਰਕਰਜ਼ ਤੇ ਫ਼ੈਸੀਲੀਟੇਟਰ ਯੂਨੀਅਨ ਫ਼ਰੀਦਕੋਟ ਦਾ ਵਫ਼ਦ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਫ਼ਰੀਦਕੋਟ ਨੂੰ ਮਿਲਿਆ | ਵਫ਼ਦ ਨੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਨੂੰ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਸੌਂਪਿਆ | ਯੂਨੀਅਨ ਦੀ ਪ੍ਰਧਾਨ ਦਲਜੀਤ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਤੇ ਫ਼ੈਸੀਲੀਟੇਟਰਾਂ ਸਿਹਤ ਵਿਭਾਗ 'ਚ ਸਿਹਤ ਸੇਵਾਵਾਂ ਘਰ ਘਰ ਪਹੁੰਚਾ ਰਹੀਆਂ ਹਨ ਪਰ ਖੁਦ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਸਭ ਤੋਂ ਅਹਿਮ ਤੇ ਵੱਡੀ ਮੁਸ਼ਕਿਲ ਹੈ ਕਿ ਵਰਕਰਾਂ ਨੂੰ ਐਨੀ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਅਦਾਇਗੀ ਸਮੇਂ ਸਿਰ ਨਹੀਂ ਮਿਲ ਰਹੀ, ਐਮ.ਐਨ.ਸੀ. ਬਜ਼ੁਰਗਾਂ ਵਾਲੀ ਅਦਾਇਗੀ ਅਪ੍ਰੈਲ 2024 ਤੋਂ ਲੈ ਕੇ 2025 ਤੱਕ ਬਕਾਇਆ ਹੈ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਮੰਗਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ | ਇਸ ਮੌਕੇ ਪ੍ਰਧਾਨ ਦਲਜੀਤ ਕੌਰ, ਕਰਮਜੀਤ ਕੌਰ ਬਲਾਕ ਪ੍ਰਧਾਨ, ਗੁਰਜੀਤ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਕਿਰਨਜੀਤ ਕੌਰ, ਵੀਰਪਾਲ ਕੌਰ, ਰਾਜਿੰਦਰ ਕੌਰ, ਸਿਮਰਜੀਤ ਕੌਰ, ਊਸ਼ਾ ਰਾਣੀ, ਜਸਵੀਰ ਕੌਰ ਬਲਾਕ ਪ੍ਰਧਾਨ, ਮਨਦੀਪ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ |