ਕੋਟਕਪੂਰਾ, 19 ਨਵੰਬਰ (ਮੇਘਰਾਜ)-ਅੱਜ ਦਿਨ ਦਿਹਾੜੇ ਕੋਟਕਪੂਰਾ-ਬਾਹਮਣਵਾਲਾ ਰੋਡ 'ਤੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਰਾਹਗੀਰ ਤੋਂ ਕਰੀਬ 32 ਹਜ਼ਾਰ ਰੁਪਏ ਲੁੱਟ ਲਏ | ਇਸ ਸਬੰਧੀ ਪੀੜ੍ਹਤ ਵਿਅਕਤੀ ਕੁਲਦੀਪ ਸਿੰਘ ਬਰਾੜ ਪੁੱਤਰ ਸਵ. ਸੁਖਮੰਦਰ ਸਿੰਘ ਬਰਾੜ ਵਾਸੀ ਪਿੰਡ ਬਾਹਮਣਵਾਲਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਰੀਬ 11:15 ਵਜੇ ਆਪਣੇ ਘਰ ਤੋਂ ਸ਼ਹਿਰ ਕਿਸੇ ਦੁਕਾਨਦਾਰ ਨੂੰ 30 ਹਜ਼ਾਰ ਰੁਪਏ ਦੇਣ ਲਈ ਜਾ ਰਿਹਾ ਸੀ | ਜਦ ਉਹ ਸੂਏ ਦੇ ਪੁਲ ਨਜ਼ਦੀਕ ਪਹੰੁਚਿਆ ਤਾਂ ਪਿੱਛੇ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੇ ਹਾਰਨ ਦਿੱਤਾ ਤੇ ਉਸ ਨੇ ਮੋਟਰਸਾਈਕਲ ਇਕ ਪਾਸੇ ਕਰ ਲਿਆ ਤਾਂ ਮੋਟਰਸਾਈਕਲ ਸਵਾਰਾਂ ਨੇ ਲੱਤ ਮਾਰ ਕੇ ਉਸ ਨੂੰ ਮੋਟਰਸਾਈਕਲ ਸਣੇ ਥੱਲੇ ਸੁੱਟ ਦਿੱਤਾ | ਲੁਟੇਰਿਆਂ ਵਲੋਂ ਉਸ ਦਾ ਕੁੜਤੇ ਦੀ ਜੇਬ ਹੀ ਪੱਟ ਲਈ ਜਿਸ 'ਚ ਪਰਸ, ਹੋਰ ਜ਼ਰੂਰੀ ਕਾਗਜ਼ਾਤ ਤੇ ਕਰੀਬ 32 ਹਜ਼ਾਰ ਰੁਪਏ ਸਨ | ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਹਿਰ ਵਾਲੇ ਪਾਸੇ ਨੂੰ ਭੱਜ ਗਏ | ਉਸ ਨੇ ਦੱਸਿਆ ਕਿ ਮੋਟਰਸਾਈਕਲ ਦੇ ਪਿੱਛੇ ਨੰਬਰ ਪਲੇਟ ਵੀ ਨਹੀਂ ਸੀ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਸੜਕ 'ਤੇ ਪਿਛਲੇ ਦੋ ਮਹੀਨਿਆਂ 'ਚ 3 ਵਾਰ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ | ਪੀੜ੍ਹਤ ਵਿਅਕਤੀ ਕੁਲਦੀਪ ਸਿੰਘ ਵਲੋਂ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਇਤਲਾਹ ਦੇ ਦਿੱਤੀ ਗਈ ਹੈ ਤੇ ਪੁਲਿਸ ਵਲੋਂ ਲੁਟੇਰਿਆਂ ਨੂੰ ਜਲਦ ਫੜ੍ਹਨ ਦਾ ਭਰੋਸਾ ਦਿੱਤਾ ਹੈ | ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਸੜਕ 'ਤੇ ਪੁਲਿਸ ਦੀ ਗਸ਼ਤ ਸ਼ੁਰੂ ਕਰਵਾਈ ਜਾਵੇ ਤਾਂ ਜੋ ਲੋਕ ਬਿਨ੍ਹਾਂ ਕਿਸੇ ਡਰ ਤੋਂ ਸ਼ਹਿਰ ਨੂੰ ਆ ਜਾ ਸਕਣ |