ਫ਼ਰੀਦਕੋਟ, 7 ਨਵੰਬਰ (ਜਸਵੰਤ ਸਿੰਘ ਪੁਰਬਾ)-ਐਸ.ਐਮ.ਡੀ. ਵਰਲਡ ਸਕੂਲ ਵਲੋਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਡਾ ਪਿੰਡ, ਪੰਜਾਬ ਰਾਜ ਯੁੱਧ ਨਾਇਕਾਂ ਦੀ ਯਾਦਗਾਰ ਤੇ ਅਜਾਇਬ ਘਰ ਤੇ ਵਾਹਘਾ ਬਾਰਡਰ ਸ੍ਰੀ ਅੰਮਿ੍ਤਸਰ ਸਾਹਿਬ ਦੇ ਵਿੱਦਿਅਕ ਫੇਰੇ 'ਤੇ ਲਿਜਾਇਆ ਗਿਆ | ਜਿਸ 'ਚ ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਤੇ ਪੰਜਾਬ ਦੇ ਸੈਨਿਕਾਂ ਦੀ ਬਹਾਦਰੀ ਤੇ ਕੁਰਬਾਨੀਆਂ ਨੂੰ ਦਰਸਾਉਂਦੀ ਯਾਦਗਾਰ ਨੂੰ ਦੇਖਣ ਦਾ ਮੌਕਾ ਮਿਲਿਆ | ਪੰਜਾਬ ਦੇ ਸੱਭਿਆਚਾਰ, ਪਰੰਪਰਾ ਤੇ ਜੀਵੰਤ ਭਾਵਨਾ ਨੂੰ ਜੋੜਨ ਵਾਲੇ ਸਫ਼ਰ ਵਿਚ 105 ਵਿਦਿਆਰਥੀਆਂ ਨੇ ਭਾਗ ਲਿਆ | ਵਿੱਦਿਅਕ ਫੇਰੇ 'ਚ ਵੱਖ-ਵੱਖ ਪ੍ਰਦਰਸ਼ਨੀਆਂ ਵੇਖਣ ਨੂੰ ਮਿਲੀਆਂ, ਜਿਸ ਵਿਚ ਪੁਰਾਣੇ ਚੁੱਲ੍ਹੇ-ਚੌਂਕੇ ਵਿਚ ਬਿਠਾਕੇ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ, ਪੁਰਾਣੇ ਮਿੱਟੀ ਦੇ ਲਿਪੇ ਹੋਏ ਘਰ, ਖੱਡੀ ਬੁਣਨਾ, ਮਿੱਟੀ ਦੇ ਭਾਂਡੇ ਤਿਆਰ ਕਰਨੇ ਆਦਿ ਦੇਖਣ ਨੂੰ ਮਿਲਿਆ | ਇਸ ਤੋਂ ਬਿਨਾਂ ਜਾਦੂਗਰ ਦਾ ਖੇਡ, ਮੌਤ ਦਾ ਖੂਹ, ਬਾਜ਼ੀਗਰਾਂ ਨੇ ਬਾਜੀ ਪਾ ਕੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ | ਇਸ ਮੌਕੇ ਨਿਹੰਗ ਸਿੰਘਾਂ ਵਲੋਂ ਵੀ ਗਤਕੇ ਦੇ ਵੱਖ-ਵੱਖ ਜੌਹਰ ਦਿਖਾਏ ਗਏ | ਅਜਾਇਬ ਘਰ 'ਚ ਵਿਦਿਆਰਥੀਆਂ ਨੂੰ 1621 ਈਸਵੀਂ ਤੋਂ 1999 ਈਸਵੀ ਤੱਕ ਦੇ ਪੰਜਾਬ ਦੇ ਇਤਿਹਾਸ ਸੰਬੰਧੀ ਜਾਣਕਾਰੀ ਦਿੱਤੀ ਗਈ ਤੇ ਸਟੇਨਲੈਸ ਸਟੀਲ ਦੀ ਬਣੀ ਹੋਈ 45 ਮੀਟਰ ਉੱਚੀ ਤੇ 54 ਟੰਨ ਵੱਜਨੀ ਤਲਵਾਰ ਜੋ ਕਿ ਤਾਕਤ ਤੇ ਬਹਾਦਰੀ ਦੀ ਪ੍ਰਤੀਕ ਹੈ, ਦੇ ਦਰਸ਼ਨ ਕਰਵਾਕੇ ਉਸ ਬਾਰੇ ਜਾਣਕਾਰੀ ਵੀ ਦਿੱਤੀ ਗਈ | ਇਸ ਤੋਂ ਬਾਅਦ ਵਾਹਘਾ ਬਾਰਡਰ ਅਟਾਰੀ ਸਰਹੱਦ 'ਤੇ ਬੀ ਐੱਸ ਐੱਫ ਦੇ ਜਵਾਨਾਂ ਦੀ ਪਰੇਡ ਦਿਖਾਈ ਗਈ | ਇਹ ਇਕ ਦਿਨ ਦਾ ਵਿੱਦਿਅਕ ਫੇਰਾ ਇਕ ਪਿਕਨਿਕ ਦੇ ਨਾਲ ਇਤਿਹਾਸ ਪੱਖ ਬਾਰੇ ਜਾਣੂੰ ਕਰਵਾਉਣ ਲਈ ਬਹੁਤ ਲਾਭਦਾਇਕ ਸੀ | ਡਿਪਟੀ ਡਾਇਰੈਕਟਰ ਸੋਨੀ ਥਾਪਰ ਤੇ ਪਿ੍ੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਇਸ ਫੇਰੇ ਦੀ ਸ਼ਲਾਘਾ ਕੀਤੀ | ਇਸ ਮੌਕੇ ਕੋਆਰਡੀਨੇਟਰ ਅਮਨਪ੍ਰੀਤ ਕੌਰ, ਰਾਜ ਕੁਮਾਰ, ਸਾਹਿਲ ਕੁਮਾਰ, ਕੰਵਲਜੀਤ ਕੌਰ, ਪਵਨਦੀਪ ਕੌਰ, ਗਗਨਪ੍ਰੀਤ ਕੌਰ ਅਤੇ ਮਨਦੀਪ ਕੌਰ ਵੀ ਹਾਜ਼ਰ ਸਨ |